ਸਦੀਆਂ ਤੋਂ ਧਿਆਨ ਦੇ ਸਬੰਧ ਵਿਚ ਅਜੇਹੀ ਧਾਰਨਾ ਰਹੀ ਹੈ ਜਿਵੇਂ ਕਿ ਇਹ ਕੋਈ ਗੰਭੀਰ ਅਧਿਆਤਮਕ ਕਰਮ ਹੈ – ਸੰਸਾਰ ਤੋਂ ਦੂਰ ਜਾ ਕੇ, ਕਿਤੇ ਇਕ ਕੋਨੇ ਵਿਚ ਬੈਠ ਕੇ ਕਿਸੇ ਇਸ਼ਟ ਦੇਵਤਾ ਦਾ ਧਿਆਨ ਧਰਨਾ ਜਾਂ ਉਸਦੀ ਛਿੱਬ ਦੀ ਕਲਪਨਾ ਕਰਨਾ । ਓਸ਼ੋ ਦੀ ਦ੍ਰਿਸ਼ਟੀ ਵਿਚ ਅਜੇਹਾ ਬਿਲਕੁਲ ਨਹੀਂ ਹੈ । ਉਹਨਾਂ ਦੀ ਦ੍ਰਿਸ਼ਟੀ ਵਿਚ ਧਿਆਨ ਅਧਿਆਤਮਕ ਤਾਂ ਜ਼ਰੂਰ ਹੈ, ਪਰ ਗੰਭੀਰ ਨਹੀਂ । ਗੰਭੀਰਤਾ ਵਿਚ ਇਕ ਬੋਝ ਹੈ, ਇਕ ਰੋਗ ਹੈ । ਅਤੇ ਧਿਆਨ ਤਾਂ ਇਕ ਕਲਾ ਹੈ ਚਿੱਤ ਨੂੰ ਨਿਰਬੋਝ-ਨਿਰਭਾਰ ਕਰਨ ਦੀ, ਨਿਰਮਲ-ਨਿਰਵਿਚਾਰ ਕਰਨ ਦੀ – ਅਤੇ ਇਸ ਨਿਰਭਾਰ-ਨਿਰਮਲ ਹਾਲਤ ਦੇ ਅਨੰਦ ਵਿਚ ਡੁੱਬਣ ਦੀ । ਇਸ ਅਨੰਦ ਦੇ ਸਬੰਧ ਵਿਚ ਕੋਈ ਦੋ ਮਤ ਨਹੀਂ ਹਨ ।