ਜਗਤ ਗੁਰੂ ‘ਸ੍ਰੀ ਗੁਰੂ ਨਾਨਕ ਦੇਵ ਜੀ’ ਨੇ ਸੁੱਖ-ਦੁੱਖ, ਭੁੱਖ ਪਿਆਸ, ਮਾਨ-ਅਪਮਾਨ ਅਤੇ ਧਨ-ਵਡਿਆਈ ਆਦਿ ਤੋਂ ਨਿਰਲੇਪ ਰਹਿ ਕੇ ਗੁਰਮਤਿ ਪ੍ਰਚਾਰ ਦੇ ਰੂਪ ਵਿਚ ਨਉਖੰਡ-ਪ੍ਰਿਥਮੀ ਦੀ ਯਾਤਰਾ ਕੀਤੀ, ਜਿਨ੍ਹਾਂ ਨੂੰ ਸਿੱਖ ਇਤਿਹਾਸ ਵਿਚ ਚਾਰ ਉਦਾਸੀਆਂ ਕਿਹਾ ਜਾਂਦਾ ਹੈ । ਉਨ੍ਹਾਂ ਦਾ ਪ੍ਰਚਾਰ ਵਰਨ-ਵੰਡ, ਮਤ-ਮਜ਼ਹਬ, ਰੰਗ-ਰੂਪ, ਅਮੀਰ-ਗ਼ਰੀਬ, ਬੋਲੀ, ਨਸਲ ਅਤੇ ਭੂਗੋਲਿਕ ਸੀਮਾਵਾਂ ਤੋਂ ਨਿਰਲੇਪ ਸੀ । ਹਰ ਮਨੁੱਖ-ਮਾਤ੍ਰ ਗੁਰੂ ਪਾਤਸ਼ਾਹ ਜੀ ਦੇ ਪਿਆਰ ਅਤੇ ਪ੍ਰਚਾਰ ਦਾ ਪਾਤਰ ਸੀ । ਇਸ ਪੁਸਤਕ ਵਿਚ ਗੁਰੂ ਸਾਹਿਬ ਦੀਆਂ ਚਾਰੋ ਉਦਾਸੀਆਂ ਦੇ ਇਤਿਹਾਸਕ ਵੇਰਵਿਆਂ ਤੋਂ ਇਲਾਵਾ ਹਰ ਅਸਥਾਨ ਦੀ ਲੋਕੇਸ਼ਨ ਦਾ ਬਿਓਰਾ ਚਿੱਤਰਾਂ ਸਹਿਤ ਦਰਜ ਕੀਤਾ ਗਿਆ ਹੈ । ਕਿਹੜੇ ਸੰਮਤ ਸੰਨ ਵਿਚ ਗੋਸਟਿ ਹੋਈ, ਕਿਥੇ ਕਿਥੇ ਬਾਬਾ ਗੁਰੂ ਨਾਨਕ ਦੇ ਨੂਰ ਦੀਆਂ ਕਿਰਨਾਂ ਰੁਸ਼ਨਾਈਆਂ, ਕਿਹੜੇ ਮੂਲਵਾਦੀ ਧਰਮ ਪ੍ਰਚਾਰਕਾਂ ਦਾ ਗੁਰੂ ਸਾਹਿਬ ਨਾਲ ਸੰਵਾਦ ਹੋਇਆ, ਉਨ੍ਹਾਂ ਦਾ ਪਿਛੋਕੜ ਤੇ ਮੰਤਵ ਲੇਖਕ ਨੇ ਸਪੱਸ਼ਟ ਕੀਤਾ ਹੈ । ਰੰਗੀਨ ਚਿੱਤਰਾਂ ਤੇ ਨਕਸ਼ਿਆਂ ਨਾਲ ਸਜੀ ਇਸ ਖੂਬਸੂਰਤ ਕਿਤਾਬ ਰਾਹੀਂ ਹਰ ਜਗਿਆਸੂ ਗੁਰੂ ਸਾਹਿਬ ਦੀਆਂ ਪ੍ਰਚਾਰ ਫੇਰੀਆਂ ਬਾਰੇ ਵਿਸਤ੍ਰਿਤ ਗਿਆਨ ਹਾਸਲ ਕਰ ਸਕਦਾ ਹੈ ।