ਇਸ ਪੁਸਤਕ ਵਿਚ ਲੇਖਕ ਨੇ ਗੁਰਮਤਿ ਵਿਚਾਰਧਾਰਾ ਨੂੰ ਪੁਰਾਤਨਤਾ ਅਤੇ ਨਵੀਨਤਾ ਦਾ ਸੰਗਮ ਕਰ ਕੇ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ । ਪਹਿਲਾਂ ਪਿਛੋਕੜ ਦੇ ਕੇ ਸਾਰੇ ਮੂਲ ਸਿਧਾਂਤਾਂ ਸੰਸਾਰ, ਮੁਕਤੀ, ਗਿਆਨ, ਈਸ਼ਵਰ ਨੂੰ ਸਮਝਣ ਦੀ ਕੋਸ਼ਿਸ਼ ਕੀਤੀ ਗਈ ਹੈ ਤੇ ਫਿਰ ਹਰ ਵਿਸ਼ੇ ਦਾ ਤੁਲਨਾਤਮਿਕ ਅਧਿਐਨ ਕਰ ਕੇ ਗੁਰਮਤਿ ਦੀ ਵਿਸ਼ੇਸ਼ਤਾ ਦ੍ਰਿੜ੍ਹਾਈ ਗਈ ਹੈ । ਗੁਰਮਤਿ ਦੇ ਮੂਲ ਸਿਧਾਂਤ ਪ੍ਰਗਟਾਉਣ ਉਪਰੰਤ ਦੂਜੇ ਭਾਗ ਵਿਚ ਆਪ ਜੀ ਨੇ ਭਾਰਤੀ ਮਤਾਂ ਜੈਨ, ਬੁੱਧ ਦੀ ਵਿਆਖਿਆ ਕੀਤੀ ਹੈ। ਤੀਜੇ ਭਾਗ ਵਿਚ ਉਨ੍ਹਾਂ ਤਮਾਮ ਧਾਰਮਿਕ ਗ੍ਰੰਥਾਂ ਦਾ ਸਾਰ ਦਿੱਤਾ ਗਿਆ ਹੈ ਜੋ ਕਿਸੇ ਨਾ ਕਿਸੇ ਸ਼ਕਲ ਵਿਚ ਲੋਕਾਂ ’ਤੇ ਗੁਰੂ-ਕਾਲ ਦੌਰਾਨ ਪ੍ਰਭਾਵ ਪਾ ਰਹੇ ਸਨ । ਚੌਥੇ ਭਾਗ ਵਿਚ ਉਨ੍ਹਾਂ ਨੇ ਯਹੂਦੀ, ਈਸਾਈ, ਇਸਲਾਮੀ ਤੇ ਸੂਫ਼ੀ ਮਤ ਦਾ ਸਾਰ-ਅੰਸ਼ ਦੇ ਕੇ ਗੁਰਮਤਿ ਦੇ ਕਈ ਗੁੱਝੇ ਭਾਵਾਂ ਨੂੰ ਨਵੀਨ ਢੰਗ ਨਾਲ ਖੋਲ੍ਹਿਆ ਹੈ ਅਤੇ ਫਿਰ ਆਖ਼ਰੀ ਭਾਗ ਵਿਚ ਗੁਰਮਤਿ ਤੋਂ ਬਾਅਦ ਜੋ ਵਿਚਾਰਧਾਰਾ ਉਗਮਦੀਆਂ ਰਹੀਆਂ, ਉਨ੍ਹਾਂ ਦਾ ਵਰਣਨ ਕਰ ਕੇ ਗੁਰਮਤਿ ਦੀ ਉੱਚਤਾ ਦਰਸਾਈ ਹੈ । ਇਸ ਪੁਸਤਕ ਵਿਚ ਸੰਪੂਰਨ ਜ਼ਿੰਦਗੀ ਦੇ ਤੱਤ ਸਾਨੂੰ ਦੇ ਦਿੱਤੇ ਗਏ ਹਨ, ਜਿਨ੍ਹਾਂ ਨੂੰ ਪੜ੍ਹ ਕੇ ਪਾਠਕ ਗੁਰਮਤਿ ਦੇ ਗੁੱਝੇ ਭਾਵ-ਅਰਥ ਸਮਝ ਸਕਦਾ ਹੈ ।