ਇਹ ਪੁਸਤਕ ਧਰਮ ਅਧਿਐਨ ਦੇ ਐਮ.ਏ. ਦੇ ਪਾਠ ਕੋਰਸਾਂ ਦੇ ਦੋ ਪੇਪਰ, ਧਰਮ ਅਧਿਐਨ ਅਤੇ ਸਿੱਖ ਧਰਮ ਦੇ ਵੱਡੇ ਭਾਗਾਂ ਸਬੰਧੀ ਸਮੱਗਰੀ ਉਪਲਬਧ ਕਰਵਾਉਣ ਦਾ ਯਤਨ ਹੈ ਅਤੇ ਐਮ. ਏ. ਧਰਮ ਅਧਿਐਨ ਦੇ ਪਾਠ ਕੋਰਸਾਂ ਲਈ ਇਹ ਅਜਿਹਾ ਪਹਿਲਾ ਸੁਤੰਤਰ ਉਦਮ ਹੈ। ਇਸ ਪੁਸਤਕ ਦਾ ਪਹਿਲਾ ਭਾਗ “ਧਰਮ ਅਧਿਐਨ” ਵਿਸ਼ੇ ਨਾਲ ਸਬੰਧਿਤ 12 ਲੇਖਾਂ ਵਿਚ ਧਰਮ ਦੀ ਪਰਿਭਾਸ਼ਾ, ਰਹੱਸਵਾਦ, ਧਰਮ ਅਧਿਐਨ ਦੀਆਂ ਵੱਖ-ਵੱਖ ਪਹੁੰਚ-ਵਿਧੀਆਂ ਅਤੇ ਧਰਮ ਤੇ ਆਧੁਨਿਕਤਾ ਸਬੰਧੀ ਸਮੱਸਿਆਵਾਂ ਨੂੰ ਸਮਰਪਿਤ ਹੈ ਅਤੇ ਐਮ.ਏ. ਧਰਮ ਅਧਿਐਨ ਦੇ ਪਹਿਲੇ ਪਰਚੇ ਦਾ ਤਿੰਨ ਚੌਥਾਈ ਭਾਗ ਇਸ ਦੇ ਕਲਾਵੇ ਵਿਚ ਆ ਜਾਂਦਾ ਹੈ। ਪੁਸਤਕ ਦਾ ਦੂਜਾ ਭਾਗ “ਸਿੱਖ ਅਧਿਐਨ” ਰਵਾਇਤ ਸਿੱਖੀ ਵਿਆਖਿਆ ਤੇ ਆਧਾਰਿਤ ਹੋਣ ਦੇ ਨਾਲ-ਨਾਲ ਰਵਾਇਤੀ ਵਿਆਖਿਆ ਤੋਂ ਥੋੜਾ ਹੱਟ ਕੇ ਵੱਖਰਾ ਵਿਸ਼ਲੇਸ਼ਣ ਵੀ ਹੈ। ਇਸ ਵਿਚ ਸਿੱਖ ਵਿਸ਼ਵਾਸਾਂ, ਵਿਚਾਰਾਂ, ਉਦੇਸ਼ਾਂ ਨੂੰ ਧਰਮਾਂ ਦੇ ਵਿਆਪਕ ਇਤਿਹਾਸ ਦੇ ਪਰਸੰਗ ਵਿਚ ਕਿਧਰੇ ਚੇਤੰਨ ਅਤੇ ਕਿਧਰੇ ਅਚੇਤਨ ਰੂਪ ਵਿਚ ਵਿਚਾਰਨ ਦਾ ਯਤਨ ਕੀਤਾ ਗਿਆ ਹੈ। ਗੁਰੂ ਗ੍ਰੰਥ ਸਾਹਿਬ, ਜਪੁਜੀ ਸਾਹਿਬ, ਹੋਰ ਚੋਣਵੀਆਂ ਬਾਣੀਆਂ, ਗੁਰਬਾਣੀ ਵਿਆਖਿਆ ਦੇ ਸਰੂਪ, ਸੰਭਾਵਨਾਵਾਂ ਅਤੇ ਗੁਰਬਾਣੀ ਵਿਚ ਪ੍ਰਕਾਸ਼ਿਤ ਜੀਵਨ ਉਦੇਸ਼ ਆਦਿ ਸਬੰਧੀ ਸਿੱਖ ਅਧਿਐਨ ਦੇ ਬੁਨਿਆਦੀ ਵਿਸ਼ੇ ਇਸ ਵਿਚ ਸ਼ਾਮਲ ਕੀਤੇ ਗਏ ਹਨ ਅਤੇ ਐਮ.ਏ. ਦੇ ਸਿੱਖ ਧਰਮ ਨਾਲ ਸਬੰਧਿਤ ਪਾਠ ਕੋਰਸਾਂ ਦੇ ਅਧਿਐਨ ਲਈ ਅਤਿ ਮਹੱਤਵਪੂਰਨ ਸਮੱਗਰੀ ਪ੍ਰਸਤੁਤ ਕਰਦੇ ਹਨ। ਪੁਸਤਕ ਦੇ ਤੀਜੇ ਸੰਸਕਰਣ ਵਿਚ ਹੁਣ ਹੋਰ ਨਵਾਂ ਮੁੱਲਵਾਨ ਖੋਜ ਪੱਤਰ ਸ਼ਾਮਲ ਕਰ ਦਿੱਤਾ ਹੈ। ਇਹ ਪੁਸਤਕ ਐਮ.ਏ. ਧਰਮ ਅਧਿਐਨ ਦੇ ਵਿਦਿਆਰਥੀਆਂ ਦੀਆਂ ਜ਼ਰੂਰੀ ਲੋੜਾਂ ਪੂਰੀਆਂ ਕਰਨ ਦੇ ਨਾਲ ਇਸ ਖਿਤੇ ਵਿਚ ਧਰਮ ਅਧਿਐਨ ਦੇ ਪ੍ਰਸਾਰ ਅਤੇ ਸਿੱਖ ਅਧਿਐਨ ਦੇ ਵਿਗਿਆਨਕ ਲੀਹਾਂ ਤੇ ਅਧਿਐਨ ਲਈ ਰਾਹ ਖੋਲ੍ਹੇਗੀ।