1706 ਵਿਚ ਗੁਰੂ ਗੋਬਿੰਦ ਸਿੰਘ ਜੀ ਨੇ ਤਲਵੰਡੀ ਸਾਬੋ ਦੇ ਮੁਕਾਮ ਤੋਂ ਕੁਝ ਸਿੰਘਾਂ ਨਾਲ ਦੱਖਣ ਵੱਲ ਸਫਰ ਆਰੰਭ ਕੀਤਾ। ਫਰਵਰੀ 1707 ਵਿਚ ਉਹਨਾਂ ਨੂੰ ਦੱਖਣ ਵੱਲ ਇਹ ਸਫਰ ਅੱਧ-ਵਿਚਾਲੇ ਛੱਡ ਕੇ ਦਿੱਲੀ ਅਤੇ ਆਗਰਾ ਵੱਲ ਕੂਚ ਕਰਨਾ ਪਿਆ। ਇਸੇ ਸਾਲ ਦੇ ਅਖੀਰ ’ਤੇ ਉਹਨਾਂ ਆਗਰੇ ਤੋਂ ਦੱਖਣ ਵੱਲ ਆਪਣੀ ਯਾਤਰਾ ਨੂੰ ਦੁਬਾਰਾ ਆਰੰਭਿਆ। 1708 ਵਿਚ ਹੈਦਰਾਬਾਦ ਸੂਬੇ ਵਿਚ ਪਹੁੰਚ ਕੇ ਉਹਨਾਂ ਨੇ ਨੰਦੇੜ ਦੇ ਮੁਕਾਮ ’ਤੇ ਆਪਣਾ ਡੇਰਾ ਲਾਇਆ। ਇਥੋਂ ਹੀ ਉਹਨਾਂ ਨੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਪੰਜਾਬ ਭੇਜਿਆ। ਇਥੇ ਹੀ ਉਹਨਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਗੁਰਤਾ-ਗੱਦੀ ਸੌਂਪੀ ਅਤੇ ਇਥੇ ਹੀ ਉਹਨਾਂ ਨੇ ਆਪਣਾ ਅੰਤਮ ਭਾਣਾ ਵਰਤਾਇਆ। ਇਸ ਲਿਹਾਜ਼ ਨਾਲ ਗੁਰੂ ਗੋਬਿੰਦ ਸਿੰਘ ਜੀ ਦੀ ਦੱਖਣ ਫੇਰੀ ਅਤੇ 1708 ਦਾ ਸਾਲ, ਇਹ ਦੋ ਗੱਲਾਂ ਸਿੱਖ ਪੰਥ ਦੀ ਹੋਣੀ ਨੂੰ ਹਮੇਸ਼ਾ ਲਈ ਬਦਲ ਦੇਣ ਵਾਲੀਆਂ ਸਾਬਤ ਹੋਈਆਂ। ਇਹ ਪੁਸਤਕ ਇਸੇ ਇਤਿਹਾਸਕ ਅਨੁਭਵ ਦਾ ਇਕ ਰਚਨਾਤਮਕ ਬਿਰਤਾਂਤ ਹੈ। ਇਸ ਦੇ ਪਹਿਲੇ ਭਾਗ ਵਿਚ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਤਲਵੰਡੀ ਸਾਬੋ ਤੋਂ ਨੰਦੇੜ ਤਕ ਦੇ ਸਫਰ ਦੀ ਇਤਿਹਾਸਕ ਖੋਜ ਪ੍ਰਸਤੁਤ ਕੀਤੀ ਗਈ ਹੈ। ਦੂਸਰੇ ਭਾਗ ਵਿਚ ਲੇਖਕ ਦੁਆਰਾ 300 ਸਾਲ ਬਾਦ ਇਹਨਾਂ ਰਸਤਿਆਂ ਦੀ ਨਿਸ਼ਾਨਦੇਹੀ ਦਾ ਅਨੁਭਵ ਪੇਸ਼ ਹੈ।