ਸ੍ਰੀ ਗੁਰੂ ਨਾਨਕ ਦੇਵ ਜੀ (1469-1539 ਈ.) ਨੇ ਤ੍ਰਿਸ਼ਨਾ-ਅਗਨੀ ਵਿਚ ਸੜ ਰਹੀ ਲੋਕਾਈ ਨੂੰ ਜੀਵਨ-ਮਾਰਗ ਦੀ ਸੋਝੀ ਦੇਣ ਲਈ ਚਾਰ ਉਦਾਸੀਆਂ ਰਾਹੀਂ ਦੂਰ-ਦੁਰਾਡੇ ਦੇਸ਼ਾਂ ਦਾ ਭ੍ਰਮਣ ਕੀਤਾ ਅਤੇ ਆਪਣੀ ਮਿਹਰ-ਨਦਰਿ ਦੁਆਰਾ ਅਨੇਕਾਂ ਭੁੱਲਿਆਂ-ਭਟਕਿਆਂ ਨੂੰ ਜੀਅ-ਦਾਨ ਦਿੱਤਾ । ਗੁਰੂ ਪਾਤਸ਼ਾਹ ਦੀ ਨਦਰਿ ਦੇ ਪਾਤਰ ਬਣੇ ਅਨੇਕਾਂ ਸਿੱਖਾਂ ਨੇ ਗੁਰਸਿੱਖੀ ਜੀਵਨ ਜੀਵਿਆ ਅਤੇ ਹੋਰਨਾਂ ਲਈ ਵੀ ਪ੍ਰੇਰਨਾ-ਸਰੋਤ ਬਣੇ । ਇਹ ਪੁਸਤਕ ਅਜਿਹੇ ਗੁਰਸਿੱਖਾਂ ਦੇ ਜੀਵਨ ਬਾਰੇ ਪ੍ਰਾਥਮਿਕ ਸਿੱਖ-ਸਰੋਤਾਂ ਦੇ ਆਧਾਰ ’ਤੇ ਪਰਮਾਣਿਕ ਜਾਣਕਾਰੀ ਮੁਹੱਈਆ ਕਰਵਾਂਦੀ ਹੈ ।