ਪੁਸਤਕ ‘ਸਿੰਘ ਗਰਜ’ ਵੀਹਵੀਂ ਸਦੀ ਦੇ ਮਹਾਨ ਸਿੱਖ, ਪੰਥ ਦਰਦੀ, ਮਜ਼ਲੂਮਾਂ ਦੇ ਰਾਖੇ, ਗ਼ਰੀਬਾਂ ਦੇ ਹਮਦਰਦ, ਅਣਖੀਲੇ ਯੋਧੇ, ਲਾਸਾਨੀ ਜਰਨੈਲ, ਸੁਹਿਰਦ ਆਗੂ, ਸੰਤ ਸਿਪਾਹੀ ਸੰਤ ਜਰਨੈਲ ਸਿੰਘ ਦੇ ਵਿਆਖਿਆਨ ਹਨ । 'ਧਰਮ ਯੁੱਧ ਮੋਰਚੇ' ਦੌਰਾਨ ਸਮੇ-ਸਮੇ ਦਿੱਤੇ ਗਏ ਇਹ ਵਿਆਖਿਆਨ ਰਾਜਨੀਤਕ, ਧਾਰਮਿਕ ਅਤੇ ਕੌਮੀ ਮਸਲਿਆਂ ਦੀ ਸੰਪੂਰਨ ਜਾਣਕਾਰੀ ਦਿੰਦੇ ਹਨ । ਇਹਨਾਂ ਰਾਹੀਂ ਜਿੱਥੇ ਸੰਤ ਜਰਨੈਲ ਸਿੰਘ ਜੀ ਭਿੰਡਰਾਂਵਾਲਿਆਂ ਦੀ ਦ੍ਰਿੜ੍ਹਤਾ, ਦਲੇਰੀ, ਸੂਝ, ਸੁਹਿਰਦਤਾ, ਦੂਰਅੰਦੇਸ਼ੀ, ਇਮਾਨਦਾਰੀ ਅਤੇ ਪੰਥਪ੍ਰਸਤੀ ਦਾ ਗਿਆਨ ਹੁੰਦਾ ਹੈ, ਉਥੇ ਮੌਕਾ-ਪ੍ਰਸਤ ਆਗੂਆਂ ਦੀਆਂ ਕਮਜ਼ੋਰੀਆਂ, ਲਾਲਸਾਵਾਂ, ਗ਼ਲਤੀਆਂ ਅਤੇ ਗ਼ੱਦਾਰੀਆਂ ਦੀ ਵੀ ਜਾਣਕਾਰੀ ਮਿਲਦੀ ਹੈ । ਸਰਕਾਰ ਦੀਆਂ ਧੱਕੇਸ਼ਾਹੀਆਂ, ਜ਼ਿਆਦਤੀਆਂ, ਸਾਜ਼ਿਸ਼ੀ ਨੀਤੀਆਂ, ਫ਼ਿਰਕਾਪ੍ਰਸਤੀਆਂ ਅਤੇ ਵਿਤਕਰਿਆਂ ਦਾ ਪਾਜ ਵੀ ਉਘੜਦਾ ਹੈ । ਸੰਤ ਜਰਨੈਲ ਸਿੰਘ ਜੀ ਭਿੰਡਰਾਂਵਾਲਿਆਂ ਦੇ ਇਹ ਵਿਆਖਿਆਨ ਸਿੱਖ ਕੌਮ ਨੂੰ ਸਦਾ ਜਜ਼ਬਾ, ਦ੍ਰਿੜ੍ਹਤਾ ਅਤੇ ਹੁਲਾਸ ਦਿੰਦੇ ਰਹਿਣਗੇ ਅਤੇ ਕੌਮ ਦੀ ਜੁਆਨੀ ਇਹਨਾਂ ਵਿਆਖਿਆਨਾਂ ਤੋਂ ਪ੍ਰੇਰਨਾ ਲੈਂਦੀ ਰਹੇਗੀ । ਇਹ ਪੁਸਤਕ ਇਸ ਕਾਲ ਦੀ ਇਤਿਹਾਸਕਾਰੀ ਲਈ ਪ੍ਰਾਥਮਿਕ ਸਰੋਤ-ਪੁਸਤਕ ਦਾ ਦਰਜਾ ਰੱਖਦੀ ਹੈ।