ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿਚ ਆਈ ਸ਼ਬਦਾਵਲੀ ਭਾਰਤ ਦੇ ਵਿਭਿੰਨ ਪ੍ਰਾਂਤਾਂ, ਵਖ-ਵਖ ਚਿੰਤਨ-ਪ੍ਰਣਾਲੀਆਂ, ਭਿੰਨ ਸਾਧਨਾ ਪੱਧਤੀਆਂ ਅਤੇ ਬਹੁਤ ਸਾਰੇ ਧਾਰਮਿਕ ਪੰਥਾਂ ਦੇ ਗ੍ਰੰਥਾਂ ਵਿਚੋਂ ਹੋ ਕੇ ਆਈ ਹੈ। ਇਹ ਸ਼ਬਦਾਵਲੀ ਕਈ ਸਦੀਆਂ ਦੇ ਭਾਰਤੀ ਧਰਮ ਚਿੰਤਨ, ਦਰਸ਼ਨ ਅਤੇ ਸੰਸਕ੍ਰਿਤੀ ਦੇ ਮੂਲ-ਤੱਤ ਆਪਣੇ ਵਿਚ ਲੁਕੋਈ ਬੈਠੀ ਹੈ। ਇਸ ਲਈ ਗੁਰਬਾਣੀ ਨੂੰ ਸਮਝਣ ਵਾਸਤੇ ਇਸ ਦੇ ਕਠਿਨ ਪਦਾਂ ਦੀ ਸੂਝ ਹੋਣੀ ਜ਼ਰੂਰੀ ਹੈ। ਫਲਸਰੂਪ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਕਈ ਪ੍ਰਯਾਯ ਕੋਸ਼ ਤਿਆਰ ਹੋਏ। ਇਹ ਕੋਸ਼ ਪਹਿਲੀ ਵਾਰ ਅੰਮ੍ਰਿਤਸਰ ਵਿਚ ਸਥਿਤ ਗਿਆਨੀਆਂ ਦੀ ਟਕਸਾਲ ਵਿਚੋਂ ਪੰਡਿਤ ਚੰਦਾ ਸਿੰਘ ਦੇ ਸੁਯੋਗ ਸ਼ਿਸ਼ ਗਿਆਨੀ ਹਜ਼ਾਰਾ ਸਿੰਘ ਨੇ ਭਾਈ ਵੀਰ ਸਿੰਘ ਜੀ ਦੇ ਸਹਿਯੋਗ ਨਾਲ ‘ਸ਼੍ਰੀ ਗੁਰੂ ਗ੍ਰੰਥ ਕੋਸ਼’ ਵਿਗਿਆਨਿਕ ਵਿਧੀ ਅਨੁਸਾਰ ਤਿਆਰ ਕੀਤਾ। ਮਗਰੋਂ ਇਸ ਵਿਚ ਡਾ. ਚਰਨ ਸਿੰਘ ਅਤੇ ਭਾਈ ਵੀਰ ਸਿੰਘ ਜੀ ਨੇ ਸ਼ੋਧਾਂ ਵੀ ਕੀਤੀਆਂ ਅਤੇ ਸ਼ਬਦ-ਸਾਮੱਗਰੀ ਨੂੰ ਸਮ੍ਰਿਧ ਵੀ ਕੀਤਾ। ਪੰਜਾਬੀ ਯੂਨੀਵਰਸਿਟੀ ਵਲੋਂ ਡਾ. ਹਰਭਜਨ ਸਿੰਘ, ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ ਦੇ ਸਹਿਯੋਗ ਨਾਲ ਵਿਦਵਾਨਾਂ ਅਤੇ ਖੋਜਾਰਥੀਆਂ ਦੀ ਸੁਵਿਧਾ ਵਾਸਤੇ ਨਾ ਕੇਵਲ ਇਸ ਦੇ ਸ਼ਬਦ-ਕ੍ਰਮ ਨੂੰ ਨਵੀਨ ਰੂਪ ਦੇ ਦਿਤਾ ਹੈ, ਬਲਕਿ ਇਸ ਵਿਚ 4200 ਨਵੇਂ ਇੰਦਰਾਜ਼ ਵੀ ਸਾਮਿਲ ਕਰ ਦਿੱਤੇ ਗਏ ਹਨ। ਬਹੁਤ ਸਾਰੇ ਸ਼ਬਦਾਂ ਦੀਆਂ ਵਿਉਤਪਤੀਆਂ ਵੀ ਅੰਕਿਤ ਕਰ ਦਿਤੀਆਂ ਹਨ, ਪਰ ਇਸ ਦੀ ਮੂਲ-ਸਾਮੱਗਰੀ ਵਿਚ ਕੋਈ ਤਬਦੀਲੀ ਨਹੀਂ ਕੀਤੀ। ਇਹ ਕੋਸ਼ ਨਾ ਕੇਵਲ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਅਧਿਐਨ ਵਿਚ ਸਹਾਇਕ ਹੋਵੇਗਾ, ਬਲਕਿ ਪੰਜਾਬੀ ਸਾਹਿਤ ਨੂੰ ਵੀ ਆਪਣੀ ਅਮੀਰ ਛੋਹ ਦਾ ਆਨੰਦ ਪ੍ਰਦਾਨ ਕਰੇਗਾ।