ਸੁਪ੍ਰਸਿੱਧ ਅਮਰੀਕੀ ਨਾਵਲਕਾਰ ਅਰਨੈਸਟ ਹੈਮਿੰਗਵੇ (1899-1961) ਨੂੰ ਉਸ ਦੇ ਨਾਵਲ ‘ਓਲਡ ਮੈਨ ਐਂਡ ਦ ਸੀ’ ਉਪਰ 1954 ਦਾ ਨੋਬਲ ਪੁਰਸਕਾਰ ਪ੍ਰਾਪਤ ਹੋਇਆ । ਉਹ ਅਜਿਹੀ ਮੌਲਿਕ ਪ੍ਰਤਿਭਾ ਵਾਲਾ ਲੇਖਕ ਸੀ, ਜਿਸ ਨੇ ਵਿਲੱਖਣ ਸਾਹਿਤਕ ਸ਼ੈਲੀ ਈਜਾਦ ਕੀਤੀ, ਜਿਸ ਨਾਲ ਅਮਰੀਕੀ ਸਾਹਿਤ ਵਿਚ ਨਵੀਂ ਕਿਸਮ ਦੀ ਸ਼ੈਲੀ ਦੇ ਯੁੱਗ ਦਾ ਆਗ਼ਾਜ਼ ਹੋਇਆ । ਇਸ ਕਰਤਾਰੀ ਸ਼ਖ਼ਸੀਅਤ ਦੀ ਜੀਵਨੀ ਨੂੰ ਆਧਾਰ ਬਣਾ ਕੇ ਪੰਜਾਬੀ ਦੇ ਸਥਾਪਤ ਨਾਵਲਕਾਰ ਨੇ ਆਪਣੇ ਜੀਵਨ ਦੇ ਅੰਤਿਮ ਚਰਨ ਵਿਚ ਇਹ ਵੱਡ-ਆਕਾਰੀ ਨਾਵਲ ਲਿਖਿਆ । ਨਾਵਲਕਾਰ ਨੇ ਜਿਸ ਤਰ੍ਹਾਂ ਹੈਮਿੰਗਵੇ ਦੇ ਜੀਵਨ-ਬ੍ਰਿਤਾਂਤ ਨੂੰ ਬਾਰੀਕ ਬੁਣਤੀ ਨਾਲ ਬੁਣਿਆ ਹੈ, ਉਹ ਹੈਰਾਨਕੁੰਨ ਹੈ । ਐਨੀਆਂ ਘਟਨਾਵਾਂ ਤੇ ਹਾਦਸਿਆਂ ਨੂੰ ਪਹਿਲਾਂ ਪੜ੍ਹ ਕੇ ਹਜ਼ਮ ਕਰਨਾ ਤੇ ਫਿਰ ਕਲਾਤਮਿਕ ਜੁਗਤਿ ਨਾਲ ਕਹਾਣੀ ਵਿਚ ਗੁੰਦਣਾ, ਕਿਸੇ ਵੱਡੀ ਪ੍ਰਤਿਭਾ ਵਾਲੇ ਲੇਖਕ ਦਾ ਕ੍ਰਿਸ਼ਮਾ ਹੀ ਹੈ ।