ਗੁਰਦੁਆਰਾ ਸਿੱਖ ਜੀਵਨ-ਜਾਚ ਦਾ ਕੇਂਦਰੀ ਧੁਰਾ ਹੈ, ਜਿਥੇ ਸਿੱਖ ਦੀ ਗੁਰ-ਸ਼ਬਦ ਨਾਲ ਸਾਂਝ ਪੈਂਦੀ ਹੈ ਤੇ ਉਹ ‘ਸਚਿਆਰ’ ਬਣਨ ਦੀ ਸੰਥਿਆ ਲੈ ਕੇ ਨਰੋਏ ਸਮਾਜ ਦੀ ਸਿਰਜਣਾ ਕਰਦਾ ਹੈ । ਸਿੱਖ ਸਮਾਜ ਦੇ ਵਿਗਸਣ ਤੇ ਸਾਧਨ-ਸੰਪੰਨ ਹੋਣ ਨਾਲ ਗੁਰਦੁਆਰੇ ਸੰਖਿਆ ਪੱਖੋਂ ਵੀ ਬਹੁਤ ਵਧੇ ਹਨ ਅਤੇ ਇਮਾਰਤਾਂ ਵੀ ਆਲੀਸ਼ਾਨ ਬਣ ਗਈਆਂ ਹਨ, ਪਰ ਸਿੱਖੀ ਨੂੰ ਲਗਾਤਾਰ ਖੋਰਾ ਲੱਗ ਰਿਹਾ ਹੈ । ਇਸ ਚਿੰਤਾ ਨੂੰ ਅਧਿਐਨ ਦਾ ਮੁੱਦਾ ਬਣਾ ਕੇ ਵਿਦਵਾਨ ਲੇਖਕ ਨੇ ਇਕ ਲਘੂ ਭੂਗੋਲਿਕ ਖੇਤਰ ਦੇ ਗੁਰਦੁਆਰਿਆਂ ਦਾ ਸਿਸਟਮ-ਬੱਧ ਸਰਵੇ ਕਰ ਕੇ ਉਦਾਸ ਕਰਨ ਵਾਲੇ ਨਤੀਜੇ ਕੱਢੇ ਹਨ । ਪੰਥਕ ਤੌਰ ’ਤੇ ਇਸ ਪ੍ਰਥਾਇ ਕੀ ਕਰਨ ਦੀ ਜ਼ਰੂਰਤ ਹੈ, ਇਸ ਬਾਰੇ ਵੀ ਰੌਸ਼ਨ-ਦਿਮਾਗ਼ ਲੇਖਕ ਨੇ ਉਸਾਰੂ ਤੇ ਵਿਹਾਰਕ ਸੁਝਾਅ ਦਿੱਤੇ ਹਨ ਤਾਂ ਜੁ ਵਿਗੜੀ ਹਾਲਤ ਸੁਧਰ ਸਕੇ ਅਤੇ ਇਹ ਮਹਾਨ ਸੰਸਥਾ ਅਰਥਪੂਰਣ ਢੰਗ ਨਾਲ ਸਿੱਖ ਸਮਾਜ ਦੀ ਬਹੁਪੱਖੀ ਪ੍ਰਗਤੀ ਕਰਦੀ ਰਹੇ ।