ਇਹ ਪੁਸਤਕ ਤੁਰਕੀ ਸਲਤਨਤ ਦੇ ਲਗਪਗ ਪੰਜ ਸੌ ਸਾਲ ਲੰਮੇ ਕਾਲ ਨਾਲ ਸੰਬੰਧ ਰਖਦੀ ਹੈ । ਪੰਜਾਬ ਦੇ ਇਤਿਹਾਸ ਵਿਚ ਇਹ ਸਮਾਂ ਬਹੁਤ ਹੀ ਮਹਤਵਪੂਰਨ ਹੈ, ਕਿਉਂਕਿ ਇਸ ਸਮੇਂ ਇਥੇ ਇੱਕ ਨਵੇਂ ਸਾਮਰਾਜ ਦਾ ਮੁੱਢ ਬੱਝਾ ਜਿਸ ਦੇ ਨਾਲ ਪੱਛਮ ਤੋਂ ਇਕ ਨਵੀਂ ਸਭਿਅਤਾ ਦਾ ਪ੍ਰਵੇਸ਼ ਹੋਇਆ । ਇਸ ਨਵੀਂ ਸਭਿਅਤਾ ਨੇ ਸਾਡੇ ਲੋਕਾਂ ਦੀ ਰਹਿਣੀ-ਬਹਿਣੀ, ਚਿੰਤਨ, ਸੋਚ-ਵਿਚਾਰ ਤੇ ਦ੍ਰਿਸ਼ਟੀਕੋਣ ਵਿਚ ਕਾਫੀ ਪਿਛਾਂਹ-ਖਿਚੂ ਜਾਂ ਅਗਾਂਹ ਵਧਾਊ ਪਰਿਵਰਤਨ ਹੋਂਦ ਵਿਚ ਲਿਆਂਦੇ । ਰਾਜਨੀਤਿਕ, ਧਾਰਮਿਕ, ਸਮਾਜਿਕ, ਆਰਥਿਕ, ਪ੍ਰਸ਼ਾਸਨਿਕ ਤੇ ਕਲਾਆਤਮਿਕ ਖੇਤਰਾਂ ਵਿਚ ਜੋ ਇਸ ਕਾਲ ਵਿਚ ਤਬਦੀਲੀਆਂ ਵਾਪਰੀਆਂ, ਉਹਨਾਂ ਸਭਨਾਂ ਦਾ ਅਧਿਐਨ ਇਸ ਪੁਸਤਕ ਵਿਚ ਦਿੱਤਾ ਗਇਆ ਹੈ ।