ਹੀਰਾ ਸਿੰਘ ਦਰਦ ਜੀ ਦੀ ਪੁਸਤਕ ‘ਮੇਰੀਆਂ ਕੁਝ ਇਤਿਹਾਸਕ ਯਾਦਾਂ’ ਦਾ ਪਹਿਲਾ ਸੰਸਕਰਣ 1955 ਈ. ਵਿਚ ਤੇ ਦੂਜਾ 1960 ਈ. ਵਿਚ ਪ੍ਰਕਾਸ਼ਤ ਹੋਇਆ । 1960 ਈ. ਤੋਂ ਮਗਰੋਂ ਉਨ੍ਹਾਂ ਨੇ ਆਪਣੀ ਜੀਵਨ ਕਹਾਣੀ ਅਤੇ ਹੋਰ ਯਾਦਾਂ ਨੂੰ ਲਿਖਤੀ ਰੂਪ ਦੇਣ ਦਾ ਯਤਨ ਕੀਤਾ । ਉਨ੍ਹਾਂ ਦੀਆਂ ਹੱਥ ਲਿਖਤਾਂ ਵਿਚੋਂ ਅਧੂਰੀ ਸਵੈ-ਜੀਵਨੀ ਅਤੇ ਕੁਝ ਸਮਕਾਲੀ ਲੋਕ-ਜੀਵਨ ਤੇ ਸਭਿਆਚਾਰ, ਧਰਮ, ਰਾਜਨੀਤੀ ਅਤੇ ਜੇਹਲ ਜੀਵਨ ਨਾਲ ਸੰਬੰਧਤ ਇਤਿਹਾਸਕ ਮਹਾਨਤਾ ਵਾਲੀ ਸਮੱਗਰੀ ਅਤੇ ਤੱਥਾਂ ਨੂੰ ਸੰਭਾਲਣ ਵਾਲੀਆਂ ਕੁਝ ਯਾਦਾਂ ਵੀ ਮਿਲਿਆਂ ਹਨ । ਹੱਥਲੀ ਪੁਸਤਕ ਵਿਚ ਉਨ੍ਹਾਂ ਦੀਆਂ ‘ਮੇਰੀਆਂ ਕੁਝ ਇਤਿਹਾਸਕ ਯਾਦਾਂ’ ਪੁਸਤਕ ਵਾਲੀਆਂ 19 ਯਾਦਾਂ ਨੂੰ ਅਤੇ ਹੱਥ-ਲਿਖਤ ਰੂਪ ਵਿਚ ਪਰਾਪਤ ਹੋਇਆਂ 10 ਯਾਦਾਂ ਨੂੰ ਇੱਕਠਿਆਂ ਪ੍ਰਕਾਸ਼ਤ ਕਰਨ ਦਾ ਯਤਨ ਕੀਤਾ ਗਿਆ ਹੈ । ਇਸ ਪੁਸਤਕ ਦੇ ਪਹਿਲੇ ਭਾਗ ਵਿਚ ‘ਮੇਰਿਆਂ ਕੁਝ ਇਤਿਹਾਸਕ ਯਾਦਾਂ’ ਪੁਸਤਕ ਵਿਚਲਿਆਂ ਦਰਦ ਜੀ ਵਲੋਂ ਸੋਧੀਆਂ ਹੋਇਆਂ ਅਤੇ ਦੂਜੇ ਭਾਗ ਵਿਚ ਹੱਥ ਲਿਖਤ ਰੂਪ ਵਿਚ ਪਰਾਪਤ ਹੋਇਆਂ ਯਾਦਾਂ ਦਰਜ ਕੀਤੀਆਂ ਗਇਆਂ ਹਨ ।