ਕੇਸ਼ੋ ਦਾਸ ਅਤੇ ਕੁਸ਼ਲ ਦਾਸ, ਸਿੱਖਾਂ ਦੀ ‘ਛੋਟਾ ਮੇਲ’ ਅਰਥਾਤ ਮੀਣਾ ਗੁਰੂ-ਪਰੰਪਰਾ ਦੇ ਉੱਘੇ ਲਿਖਾਰੀ ਤੇ ਕਵੀ ਹੋ ਗੁਜ਼ਰੇ ਹਨ । ਦੋਵੇਂ ਕਵੀ ਆਪਣੇ ਗੁਰੂਆਂ ਦਾ ਗੁਣਗਾਨ ਬੜੀ ਭਾਵ ਭਿੰਨੀ ਸ਼ਬਦਾਵਲੀ ਵਿਚ ਕਰਦੇ ਹੋਏ ਆਪਣੇ ਛੰਦ ਗਿਆਨ, ਅਲੰਕਾਰ ਗਿਆਨ ਅਤੇ ਸਹਿਜ ਭਾਸ਼ਾ-ਪ੍ਰਯੋਗ ਦਾ ਪਰਿਚੈ ਦਿੰਦੇ ਹਨ । ਕੁਸ਼ਲ ਦਾਸ ਦੀਆਂ ਕੁੱਝ ਰਚਨਾਵਾਂ ਵਿਸ਼ਨੂ ਦੇ ਅਵਤਾਰਾਂ ਨਾਲ ਵੀ ਸੰਬੰਧਿਤ ਹਨ । ਉਸ ਦੀ ਚਿੰਤਨ-ਧਾਰਾ ਸਮੋਨਵਾਦੀ ਹੈ, ਭਾਵ ਗੁਰਮਤਿ, ਸਨਾਤਨ ਧਰਮੀ ਤੇ ਨਾਥ ਪੰਥੀ ਵਿਚਾਰਾਂ ਦਾ ਮਿਸ਼ਰਨ । ਇਹ ਪਦਾਵਲੀ ਸਤਾਰ੍ਹਵੀਂ ਤੇ ਅਠਾਰ੍ਹਵੀਂ ਸਦੀ ਦੇ ਧਾਰਮਿਕ ਪੰਜਾਬੀ ਸਾਹਿੱਤ ਵਿਚ ਇਕ ਮਹੱਤਵਪੂਰਨ ਵਾਧਾ ਹੈ ।