ਸੋਢੀ ਪਿਰਥੀ ਚੰਦ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਵੱਡੇ ਭਰਾਤਾ ਸਨ । ਇਨ੍ਹਾਂ ਨੇ ਗੁਰੂ ਘਰ ਦੇ ਮੁਕਾਬਲੇ ਵਿੱਚ ਇਕ ਵੱਖਰੀ ਗੁਰੂ ਪਰੰਪਰਾ ਸ਼ੁਰੂ ਕੀਤੀ, ਜੋ ਛੋਟਾ ਮੇਲ ਅਰਥਾਤ ਮੀਣਾ ਸੰਪ੍ਰਦਾਇ ਅਖਵਾਉਂਦੀ ਹੈ । ਇਹ ਆਪਣੇ ਆਪ ਨੂੰ ਗੁਰੂ ਨਾਨਕ ਦੇਵ ਜੀ ਦੀ ਗੱਦੀ ਦਾ ਵਾਰਸ ਸਮਝਦੇ ਸਨ, ਤੇ ਪਹਿਲੇ ਗੁਰੂਆਂ ਵਾਂਗ ਨਾਨਕ ਛਾਪ ਥੱਲੇ ਬਾਣੀ ਰਚਿਆ ਕਰਦੇ ਸਨ । ‘ਗੁਰੂ ਅਰਜਨ ਦੇਵ ਜੀ’ ਨੇ ਆਦਿ ਬੀੜ ਬੰਨ੍ਹਣ ਦਾ ਉਪਰਾਲਾ ਗੁਰਬਾਣੀ ਨੂੰ ਇਹੋ ਜਿਹੀ ਕੱਚੀ ਬਾਣੀ ਦੇ ਰਲੇ ਤੋਂ ਬਚਾਉਣ ਲਈ ਕੀਤਾ ਸੀ । ਇਸ ਪੁਸਤਕ ਵਿਚ ਪਹਿਲੀ ਵਾਰ ਪਿਰਥੀ ਚੰਦ ਦੀਆਂ ਵਾਰਾਂ, ਲੰਮੀਆਂ ਬਾਣੀਆਂ ਤੇ 18 ਰਾਗਾਂ ਵਿਚ ਸੌ ਤੋਂ ਵੱਧ ਸ਼ਬਦ ਸਲੋਕ ਪੇਸ਼ ਕੀਤੇ ਜਾ ਰਹੇ ਹਨ । ਇਨ੍ਹਾਂ ਦਾ ਮੁਹਾਂਦਰਾ ਗੁਰਬਾਣੀ ਵਰਗਾ ਹੈ ਤੇ ਇਨ੍ਹਾਂ ਵਿਚ ਛੋਟੇ ਮੇਲ ਦੇ ਮੋਢੀ ਪਿਰਥੀ ਚੰਦ ਨੇ ਗੁਰਮਤਿ ਸਿਧਾਂਤਾਂ ਦੀ ਹੀ ਪੈਰਵੀ ਕੀਤੀ ਹੈ ।