ਇਹ ਪ੍ਰਕਾਸ਼ਨਾ ਇਕ ਨਵਾਂ ਮੌਲਿਕ ਦ੍ਰਿਸ਼ਟੀਕੋਣ ਪੇਸ਼ ਕਰਦੀ ਹੈ । ਇਸ ਰਾਹੀਂ ਗੁਰੂ ਨਾਨਕ ਸਾਹਿਬ ਦੇ ਰਾਜਨੀਤਕ ਫ਼ਲਸਫ਼ੇ ਦੀਆਂ ਪੰਜ ਪ੍ਰਮੁੱਖ ਸਿਧਾਂਤਕ ਪਰਤਾਂ ਨੂੰ ਖੋਲ੍ਹਿਆ ਗਿਆ ਹੈ । ਇਹਨਾਂ ਸਿਧਾਂਤਾਂ ਦਾ ਸੋਮਾ, ਨਿਰੋਲ ਗੁਰੂ ਨਾਨਕ ਸਾਹਿਬ ਦੀ ਬਾਣੀ ਹੈ । ਬਾਣੀ ਵਿਚ ਸਮੋਏ ਇਹੋ ਸਿਧਾਂਤਕ ਉਪਦੇਸ਼ ਅਤੇ ਇਹਨਾਂ ਉਪਰ ਹੋਏ ਇਤਿਹਾਸਕ ਅਮਲ, ਭਾਰਤ/ਹਿੰਦੋਸਤਾਨ ਦੀ ਦਿਸ਼ਾ-ਦ੍ਰਿਸ਼ਟੀ ਬਦਲਣ ਦਾ ਆਧਾਰ ਬਣਦੇ ਗਏ । ਯੌਰਪ ਵਿਚ ਪ੍ਰੋਟੈਸਟੈਂਟ ਲਹਿਰ ਵਾਂਗ ਹੀ, ਗੁਰੂ ਨਾਨਕ ਸਾਹਿਬ ਵੱਲੋਂ ਆਰੰਭੀ ਅਤੇ ਪ੍ਰਚੰਡ ਕੀਤੀ ਸਿੱਖ ਲਹਿਰ ਨਿਰੰਤਰ ਸਭਿਆਚਾਰਕ , ਸਮਾਜਿਕ ਅਤੇ ਰੂਹਾਨੀ ਚੇਤਨਤਾ ਦਾ ਸਬੱਬ ਬਣੀ । ਇਸ ਨੇ ਪੰਜ ਸਦੀਆਂ ਤੋਂ ਉਪਰ ਸਾਰੀ ਦੁਨੀਆਂ ਵਿਚ ਮਾਰਗ-ਦਰਸ਼ਕ ਚੇਤਨਤਾ ਅਤੇ ਕ੍ਰਾਂਤੀਕਾਰੀ ਪ੍ਰਕਰਣ ਦਿੱਤੇ । ਗੁਰੂ ਨਾਨਕ ਸਾਹਿਬ ਦੇ ਵਿਦਿਅਕ, ਬੌਧਿਕ, ਵਿਵੇਕਤਾ ਅਤੇ ਰੂਹਾਨੀਅਤ ਭਰਪੂਰ ਸਬਕ, ਸਮਕਾਲ ਅਤੇ ਭਵਿੱਖ ਲਈ, ਵੱਡੇ ਚਾਨਣ ਮੁਨਾਰੇ ਹਨ । ਇਹਨਾਂ ਵਿੱਚੋਂ ਉਪਜਦੇ ਅਤੇ ਵਿਗਸਦੇ ਸਿਧਾਂਤ, ਸਾਰੀ ਦੁਨੀਆਂ ਨੂੰ ਵਿਆਪਕ ਅਗਵਾਈ ਦੇਣ ਦੇ ਸਮਰੱਥ ਹਨ । ਇਹ ਪ੍ਰਕਾਸ਼ਨਾ ਗੁਰੂ ਨਾਨਕ ਸਾਹਿਬ ਦੇ ਫ਼ਲਸਫ਼ੇ ਆਧਾਰਿਤ ਸਿਧਾਂਤਾਂ ਤੋਂ ਮਿਲਦੀ ਅਗਵਾਈ ਅਤੇ ਅਮਲਾਂ ਦਾ ਵਿਸਤ੍ਰਿਤ ਬਿਓਰਾ ਪੇਸ਼ ਕਰਦੀ ਹੈ ।