‘ਗੁਰੂ ਨਾਨਕ ਬਾਣੀ ਪ੍ਰਕਾਸ਼’ ਪੁਸਤਕ ਦੋ ਜਿਲਦਾਂ ਵਿਚ ਵੰਡਿਆ ਗਿਆ ਹੈ। ਇਸ ਦਾ ਸਮੁੱਚਾ ਆਕਾਰ 1500 ਪੰਨੇ ਹਨ। ਇਸ ਵਿਚ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਸਾਰੀ ਬਾਣੀ ਦਾ ਮੂਲ ਪਾਠ, ਸ਼ਬਦਾਰਥ ਅਤੇ ਟੀਕਾ ਦਿੱਤੇ ਗਏ ਹਨ। ਇਸ ਵਿਚ ਗੁਰਦੇਵ ਜੀ ਦੀ ਸਾਰੀ ਬਾਣੀ ਉਸੇ ਤਰਤੀਬ ਤੇ ਰਾਗਸਕ੍ਰਮ ਅਨੁਸਾਰ ਸੰਕਲਤ ਹੋਈ ਹੈ, ਜਿਸ ਵਿਚ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਮੌਜੂਦ ਹੈ। ਮੂਲ ਦੀ ਹਰ ਸਤਰ ਨੂੰ ਅੰਕ ਦੇ ਕੇ ਟੀਕੇ ਦੀਆਂ ਸਤਰਾਂ ਨੂੰ ਉਹ ਹੀ ਅੰਕ ਦਿਤਾ ਗਿਆ ਹੈ। ਗੁਰੂ ਨਾਨਕ ਸਾਹਿਬ ਦੀਆਂ ਸਾਰੀਆਂ ਵਾਰਾਂ ਆਪਣੇ ਪੂਰੇ ਰੂਪ ਵਿਚ ਅੰਕਤ ਕੀਤੀਆਂ ਗਈਆਂ ਹਨ, ਸਣੇ ਹੋਰ ਮਹਲਾਂ ਦੇ ਸਲੋਕਾਂ ਦੇ। ਇਸ ਵਿਚ ਮੂਲ ਪਾਠ, ਪਦ-ਅਰਥ ਅਤੇ ਟੀਕੇ ਅੰਕਤ ਕਰਦਿਆਂ ਸ਼ਬਦਾਰਥ ਨੂੰ ਵਿਸ਼ੇਸ਼ ਤੌਰ ਤੇ ਅਤੇ ਹੋਰ ਪ੍ਰਮਾਣੀਕ ਆਦਿ ਗੁਰੂ ਗ੍ਰੰਥ ਟੀਕਾ ਸਾਹਿਬਾਂ ਜਿਵੇਂ ਕਿ ਫਰੀਦਕੋਟੀ ਟੀਕਾ, ਸੰਥਯਾ ਸੰਚੀਆਂ, ਗੁਰੂ ਗ੍ਰੰਥ ਦਰਪਣ ਨੂੰ ਆਮ ਕਰਕੇ ਸਾਹਮਣੇ ਰਖਿਆ ਹੈ।