ਮੇਵਾ ਸਿੰਘ (…1880-11.01.1915) ਆਪਣੀ ਜਨਮ-ਭੌਂ ਲੋਪੋਕੇ (ਜ਼ਿਲ੍ਹਾ ਅੰਮ੍ਰਿਤਸਰ) ਤੋਂ ਚੰਗੇਰੇ ਭਵਿੱਖ ਦੀ ਤਲਾਸ਼ ਲਈ 1906 ਵਿਚ ਵੈਨਕੂਵਰ (ਕਨੇਡਾ) ਪੁੱਜਾ। ਮਿਹਨਤੀ ਸੁਭਾਅ ਵਾਲਾ ਮੇਵਾ ਸਿੰਘ ਰੱਬ ਦੇ ਭੈਅ ਵਿਚ ਰਹਿਣ ਵਾਲਾ ਸੱਚਾ ਸਿੱਖ ਸੀ, ਜੋ ਕਨੇਡੀਅਨ ਇਮੀਗ੍ਰੇਸ਼ਨ ਦੇ ਜਾਸੂਸ ਹਾਪਕਿਨਸਨ ਵੱਲੋਂ ਗੁਰਦੁਆਰਾ ਸਾਹਿਬ ਵਿਚ ਭਾਈ ਭਾਗ ਸਿੰਘ ਦੇ ਸਾਜ਼ਿਸ਼ ਤਹਿਤ ਕਰਵਾਏ ਕਤਲ ਦੇ ਕੇਸ ਵਿਚ ਗਵਾਹੀ ਦੇਣ ਸਮੇਂ ਜਾਨੋਂ ਮਾਰਨ ਦੀਆਂ ਧਮਕੀਆਂ ਦੀ ਪਰਵਾਹ ਨਾ ਕਰਦਿਆਂ ਸੱਚ ਨਾਲ ਖੜੋਂਦਾ ਹੈ। ਹਾਪਕਿਨਸਨ ਵੱਲੋਂ ਉਸ ਨੂੰ ਲਗਾਤਾਰ ਡਰਾਇਆ/ਧਮਕਾਇਆ ਜਾਂਦਾ ਹੈ, ਪਰ ਅਣਖ ਤੇ ਸ੍ਵੈ-ਮਾਣ ਦਾ ਝੰਡਾ-ਬਰਦਾਰ ਮੇਵਾ ਸਿੰਘ ਮੌਤ ਦੇ ਖ਼ੌਫ਼ ਹੇਠ ਜਿਊਣ ਨਾਲੋਂ ਹਾਪਕਿਨਸਨ ਨੂੰ ਗੋਲ਼ੀ ਮਾਰ ਕੇ, ਅਦਾਲਤ ਵਿਚ ਕਤਲ ਦਾ ਦੋਸ਼ ਕਬੂਲ ਕੇ ਸ਼ਹਾਦਤ ਦਾ ਜਾਮ ਪੀਣ ਨੂੰ ਤਰਜੀਹ ਦਿੰਦਾ ਹੈ। ਉਸ ਦੀ ਸ਼ਹਾਦਤ ਸੱਚ ਲਈ ਆਪਾ ਵਾਰਨ ਦੀ ਅਦੁੱਤੀ ਗਾਥਾ ਹੈ, ਜਿਸ ਨੂੰ ਇਸ ਪੁਸਤਕ ਰਾਹੀਂ ਲੇਖਕ ਨੇ ਸਰਕਾਰੀ ਫ਼ਾਈਲਾਂ ਵਿਚ ਛੁਪੇ ਤੱਥਾਂ ਅਤੇ ਹੋਰ ਪਰਮਾਣਿਕ ਸਰੋਤਾਂ ਰਾਹੀਂ ਉਜਾਗਰ ਕਰਨ ਦੀ ਬਿਖਮ ਘਾਲਣਾ ਕੀਤੀ ਹੈ।