ਲੇਖਕ ਨੇ ਆਪਣੀ ਪਿਆਰੀ ਜਨਮ ਭੋਇੰ ਪਿੰਡ ਜੀਂਦੋਵਾਲ਼, ਬੰਗਾ ਪ੍ਰਤਿ ਕ੍ਰਿਤੱਗਤਾ ਪ੍ਰਗਟ ਕਰਨ ਲਈ ਇਸ ਪੁਸਤਕ ਵਿੱਚ ਆਪਣੀਆਂ ਜੀਵਨ ਯਾਦਾਂ ਨੂੰ ਕਲਮਬੰਦ ਕੀਤਾ ਹੈ ਅਤੇ ਆਪਣੇ ਇਲਾਕੇ ਦੇ ਮਿਹਨਤੀ, ਜੁਝਾਰੂ ਤੇ ਸੂਰਬੀਰ ਲੋਕਾਂ ਦੀਆਂ ਕੁਰਬਾਨੀਆਂ ਪ੍ਰਤਿ ਸ਼ਰਧਾਂਜਲੀ ਵੀ ਅਰਪਿਤ ਕੀਤੀ ਹੈ । ਵਿਦੇਸ਼ਾਂ ਵਿੱਚ ਵੱਸੇ ਇਸ ਇਲਾਕੇ ਦੇ ਲੋਕਾਂ ਦੀਆਂ ਸਫਲਤਾਵਾਂ ਦਾ ਜ਼ਿਕਰ ਕਰਦਿਆਂ ਉਨ੍ਹਾਂ ਵੱਲੋਂ ਪੰਜਾਬੀ ਸਮਾਜ ਦੇ ਵਿਕਾਸ ਲਈ ਵਿਦਿਅਕ ਸੰਸਥਾਵਾਂ, ਹਸਪਤਾਲਾਂ ਤੇ ਹੋਰ ਸਾਂਝੇ ਕੰਮਾਂ ਲਈ ਪਾਏ ਯੋਗਦਾਨ ਨੂੰ ਵੀ ਸਾਹਮਣੇ ਲਿਆਂਦਾ ਹੈ । ਭਾਵੇਂ ਇਹ ਪੁਸਤਕ ਮੂਲ ਰੂਪ ਵਿੱਚ ਲੇਖਕ ਦੀਆਂ ਸਿਮਰਤੀਆਂ ਹਨ, ਪਰ ਇਹ ਬੰਗੇ ਤੇ ਇੱਥੋਂ ਦੇ ਲੋਕਾਂ ਦਾ ਇਤਿਹਾਸ ਵੀ ਹੈ । ਇਤਿਹਾਸ ਦਾ ਵਿਦਿਆਰਥੀ ਹੋਣ ਦੇ ਨਾਤੇ ਲੇਖਕ ਇਸ ਪੁਸਤਕ ਵਿੱਚ ਇਤਿਹਾਸਕ ਤੱਥਾਂ ਦੇ ਭਰਪੂਰ ਵੇਰਵੇ ਦਿੰਦਾ ਹੈ । ਰੋਚਿਕ ਤੱਥਾਂ ਨਾਲ ਭਰਪੂਰ ਇਹ ਪੁਸਤਕ ਪਾਠਕ ਦੇ ਗਿਆਨ-ਘੇਰੇ ਨੂੰ ਵਸੀਹ ਕਰਦੀ ਹੈ ।