ਭਾਈ ਕ੍ਰਿਸ਼ਨ ਸਿੰਘ ਦਾ ਜਨਮ 5-4-1954 ਨੂੰ ਮਲੋਟ (ਜ਼ਿਲ੍ਹਾ ਮੁਕਤਸਰ) ਵਿਖੇ ਹੋਇਆ । 1963 ਵਿਚ ਆਪ ਜੀ ਨਿਰਮਲੇ ਮਹਾਂਪੁਰਖ ਬਾਬਾ ਜਗਦੀਸ਼ ਸਿੰਘ ਜੀ ਦੀ ਸੇਵਾ ਵਿਚ ਸੰਤਨ ਕੀ ਕੁਟੀਆ, ਅੰਮ੍ਰਿਤਸਰ ਵਿਖੇ ਆ ਗਏ । ਸਮਰਪਣ ਭਾਵਨਾ ਨਾਲ ਸੇਵਾ ਕਰਦਿਆਂ ਆਪ ਨੇ ਸਾਢੇ ਛੇ ਸਾਲ ਵਿਸਵਾਨ ਮਹਾਂਪੁਰਖ ਪਾਸੋਂ ਗੁਰਮਤਿ ਵਿੱਦਿਆ ਹਾਸਲ ਕੀਤੀ । ਗੁਰੂ-ਰਹਿਮਤ ਸਦਕਾ ਆਪ ਨੇ ਗੁਰਬਾਣੀ ਦੇ ਸੱਚ ਨੂੰ ਜੀਵਨ-ਜੁਗਤਿ ਬਣਾਇਆ ਅਤੇ ਦੀਰਘ ਅਧਿਐਨ ਤੇ ਕਰੜੀ ਸਾਧਨਾ ਕਰ ਕੇ ਸਟੇਜ ਦੇ ਧਨੀ ਪ੍ਰਚਾਰਕ ਵਜੋਂ ਆਪਣੀ ਥਾਂ ਬਣਾ ਲਈ । ਸੰਗਤਾਂ ਦੀ ਪਿਆਰ-ਅਸੀਸ ਸਦਕਾ ਆਪ ਜੀ ਲੰਬੇ ਸਮੇਂ ਤੋਂ ਗੁਰਮਤਿ ਪ੍ਰਚਾਰ ਦੀ ਸੇਵਾ ਕਰ ਰਹੇ ਹਨ ।
ਆਪ ਜੀ ਗੁਰਮਤਿ ਦੇ ਪ੍ਰੌਢ ਵਿਆਖਿਆਕਾਰ ਹਨ ਤੇ ਆਪ ਦੀ ਦਿੱਤੀ ਦਲੀਲ ਇੰਨੀ ਸਹਿਜ ਤੇ ਕਾਟਵੀਂ ਹੁੰਦੀ ਹੈ ਕਿ ਸਿਧਾਂਤ ਧੁਰ ਅੰਦਰ ਤਕ ਲਹਿ ਜਾਂਦਾ ਹੈ ਤੇ ਮਨ ਗੁਰੂ-ਪਿਆਰ ਨਾਲ ਸਰਸ਼ਾਰ ਹੋ ਜਾਂਦੀ ਹੈ । ਮਾਖਿਓਂ ਭਿੱਜੇ ਬੋਲਾਂ ਰਾਹੀਂ ਸੁਰਤਿ ਨੂੰ ਨਿਰੰਕਾਰ ਨਾਲ ਜੋੜਨ ਲਈ ਪ੍ਰੇਰਨਾ ਦੇਣ ਵਾਲੇ ਭਾਈ ਕ੍ਰਿਸ਼ਨ ਸਿੰਘ ਦੇ ਪ੍ਰਸੰਸਕ ਸਰੋਤਿਆਂ ਦਾ ਘੇਰਾ ਬਹੁਤ ਵਿਸ਼ਾਲ ਹੈ ਤੇ ਦੇਸਾਂ – ਪ੍ਰਦੇਸਾਂ ਵਿਚ ਆਪ ਦੀ ਬੜੀ ਤੀਬਰਤਾ ਨਾਲ ਉਡੀਕ ਕੀਤੀ ਜਾਂਦੀ ਹੈ ।
ਲਿਖਤ ਰਾਹੀਂ ਵੀ ਆਪ ਜੀ ਗੁਰਮਤਿ ਪ੍ਰਚਾਰ ਦੀ ਸੇਵਾ ਕਰ ਰਹੇ ਹਨ । ਆਪ ਦੀਆਂ ਪੁਸਤਕਾਂ ਬਿਬੇਕ ਪ੍ਰਕਾਸ਼, ਵੈਰਾਗ ਪ੍ਰਕਾਸ਼ ਅਤੇ ਗੁਰ-ਜੁਗਤਿ ਪ੍ਰਕਾਸ਼ ਗੁਰਮਤਿ ਪ੍ਰਚਾਰਕਾਂ ਲਈ ਬਹੁਤ ਲਾਭਦਾਇਕ ਰਚਨਾਵਾਂ ਹਨ ।