ਅਠਾਰ੍ਹਵੀਂ ਸਦੀ ਦੌਰਾਨ ਹੋਏ ਸਿੱਖ ਸੰਗਰਾਮ ਵਿੱਚ ਬਿਅੰਤ ਨਾਮਵਰ ਸੂਰਮੇ ਸ਼ਹੀਦ ਹੋਏ ਹਨ । ਇੱਕ ਤਾਂ ਉਹ ਸੂਰਮੇ ਹਨ, ਜਿਨ੍ਹਾਂ ਦੇ ਨਾਮ ਇਤਿਹਾਸ ਦੇ ਪੰਨਿਆਂ ਉੱਤੇ ਸੁਨਹਿਰੀ ਅੱਖਰਾਂ ਵਿੱਚ ਦਰਜ ਹਨ ।ਬਹੁਤ ਸਾਰੇ ਜਿਹੜੇ ਇਤਿਹਾਸ ਦੇ ਪੰਨਿਆਂ ਵਿੱਚ ਥਾਂ ਨਹੀਂ ਲੈ ਸਕੇ, ਉਹਨਾਂ ਵਿੱਚ ਸਭ ਤੋਂ ਅਹਿਮ ਹਨ, ਅਠਾਰ੍ਹਵੀਂ ਸਦੀ ਦੇ ਉਹ ਸਿੱਖ ਜਿਨ੍ਹਾਂ ਨੂੰ ਖਾਲਸੇ ਦੇ ਸੂਹੀਏ (secret agent) ਵੀ ਕਿਹਾ ਜਾ ਸਕਦਾ ਹੈ । ਐਸੇ ਸਿੱਖਾਂ ਨੇ ਆਪਾ ਗੁਰੂ ਦਾ ਜਾਣ ਕੇ ਸਾਰੀ ਜ਼ਿੰਦਗੀ ਦੇਸ਼ ਕੌਮ ਦੀ ਸੇਵਾ ਲੇਖੇ ਲਾ ਦਿੱਤੀ ਅਤੇ ਇਸ ਬਦਲੇ ਨਾ ਸ਼ੌਹਰਤ ਵਡਿਆਈ ਦੀ ਅਤੇ ਨਾ ਹੀ ਕਿਸੇ ਦੁਨਿਆਵੀ ਪਦਾਰਥ ਦੀ ਲਾਲਸਾ ਰੱਖੀ । ਲਾਲਸਾ ਸੀ ਤਾਂ ਸਿਰਫ ਇੱਕ ਗੁਰੂ ਪਿਆਰ ਦੀ ਹੀ ਸੀ । ਐਸੇ ਮਹਾਨ ਸਿੱਖ ਸ਼ਹੀਦਾਂ ਵਿੱਚੋਂ ਸਨ ਸ਼ਹੀਦ ਭਾਈ ਬੁਲਾਕਾ ਸਿੰਘ ਜੀ ਕੰਗ । ਉਹ ਇੱਕ ਆਮ ਸ਼ਰਧਾਲੂ ਨਹੀਂ ਸੀ, ਬਲਕਿ ਖਾਲਸੇ ਵੱਲੋਂ ਬਾਮੁਕਰਰ ਗੁਪਤਚਰ ਸੂਹੀਏ ਸਿੰਘ ਸਨ । ਉਹਨਾਂ ਨੂੰ ਸੂਹੀਏ ਦੀ ਸੇਵਾ ਕਿਵੇਂ ਪ੍ਰਾਪਤ ਹੋਈ ਇਹ ਸਾਰੀ ਜਾਣਕਾਰੀ ਇਸ ਕਿਤਾਬ ਵਿੱਚ ਵਿਸਥਾਰ ਨਾਲ ਦਿੱਤੀ ਗਈ ਹੈ । ਭਾਈ ਬੁਲਾਕਾ ਸਿੰਘ ਦੇ ਨਾਲ ਇਸ ਪੁਸਤਕ ਵਿੱਚ ਉਹਨਾਂ ਹੋਰ ਵੀ ਅਣਗੌਲੇ ਸਿੱਖ ਨਾਇਕਾਂ ਦਾ ਵਿਸਥਾਰ ਸਹਿਤ ਜ਼ਿਕਰ ਕੀਤਾ ਹੈ ਜਿਨ੍ਹਾਂ ਦੀ ਕੁਰਬਾਨੀ ਦੀ ਮਿਸਾਲ ਦੁਨੀਆਂ ਵਿੱਚ ਕਿਤੇ ਨਹੀਂ ਮਿਲਦੀ, ਜਿਵੇਂ ਭਾਈ ਸੁੱਖਾ ਸਿੰਘ ਮਾੜੀ ਕੰਬੋਕੀ, ਭਾਈ ਮਹਿਤਾਬ ਸਿੰਘ ਮੀਰਾਂਕੋਟੀਆ ਅਤੇ ਭਾਈ ਨੱਥਾ ਖਹਿਰਾ ਮੀਰਾਂਕੋਟੀਆ । ਅਖੀਰ ਵਿੱਚ ਭਾਈ ਬੁਲਾਕਾ ਸਿੰਘ ਜੀ ਦੀ ਲਾਹੌਰ ਵਿੱਚ ਅਤਿਅੰਤ ਤਸੀਹੇ ਝਲਦਿਆਂ ਹੋਈ ਸ਼ਹੀਦੀ ਦਾ ਵੀ ਵਿਸਥਾਰ ਸਹਿਤ ਜ਼ਿਕਰ ਕੀਤਾ ਗਿਆ ਹੈ । ਵਿਸਥਾਰ ਅਤੇ ਰੁਚੀ ਭਰਪੂਰ ਇਹ ਪੁਸਤਕ ਨੂੰ ਪੜ੍ਹ ਕੇ ਸਰੋਤਿਆਂ ਨੂੰ ਇਤਿਹਾਸਕ ਜਾਣਕਾਰੀ ਤਾਂ ਮਿਲੇਗੀ ਹੀ ਨਾਲ ਆਪਣੇ ਪੁਰਖਿਆਂ ਉੱਤੇ ਮਾਣ ਵੀ ਮਹਿਸੂਸ ਹੋਵੇਗਾ ।