‘ਅਨੰਦੁ’ ਬਾਣੀ ਸ੍ਰੀ ਗੁਰੂ ਅਮਰਦਾਸ ਜੀ ਦੀ ਜੋਤਿ ਤੇ ਜੁਗਤਿ ਦਾ ਸਿਖਰੀ ਪ੍ਰਮਾਣ ਹੈ। ਭਾਵੇਂ ਕਿਸੇ ਪੱਖ ਤੋਂ ਵਿਚਾਰਿਆ ਜਾਏ ‘ਅਨੰਦੁ’ ਸਾਹਿਬ ਆਪ ਦੀ ਸ਼ਾਹਕਾਰ ਰਚਨਾ ਹੈ। ਇਸ ਪੁਸਤਕ ਦੇ ਪਹਿਲੇ ਅਧਿਆਇ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਬਾਣੀ ਦੇ ਆਸਰੇ ਨਾਲ ਗੁਰੂ ਅਮਰਦਾਸ ਜੀ ਵਿਚ, ਜੋ ਜੋਤਿ ਦਾ ਪ੍ਰਕਾਸ਼ ਸੀ ਅਤੇ ਜੋ ਜੁਗਤਿ ਆਪ ਨੇ ਉਸ ਪ੍ਰਕਾਸ਼ ਤੀਕ ਪੁਜਣ ਲਈ ਵਰਤੀ, ਉਨ੍ਹਾਂ ਦਾ ਨਿਰਪੂਣ ਕੀਤਾ ਹੈ। ਦੂਜੇ ਅਧਿਆਇ ਵਿਚ ‘ਅਨੰਦੁ’ ਬਾਣੀ ਦਾ ਮੂਲ ਪਾਠ ਤੇ ਟੀਕਾ, ਪਉੜੀ ਵਾਰ, ਦਿੱਤੇ ਹਨ। ਤੀਜੇ ਅਧਿਆਇ ਵਿਚ ‘ਅਨੰਦੁ’ ਦੀ ਹਰ ਪਉੜੀ ਨੂੰ ਸਾਹਮਣੇ ਰਖ ਕੇ ਆਦਰਸ਼ਕ ਜੀਵਨ ਤੇ ਉਸ ਦੀ ਪ੍ਰਾਪਤੀ ਦੀ ਜੁਗਤਿ ਨੂੰ ਦਰਸਾਉਣ ਦਾ ਯਤਨ ਕੀਤਾ ਹੈ। ਚੌਥੇ ਅਧਿਆਇ ਵਿਚ ‘ਅਨੰਦੁ’ ਬਾਣੀ ਵਿਚਲੇ ਦਰਸ਼ਨ ਦੇ ਦੋਵੇਂ ਪੱਖ, ਸਿੱਧਾਂਤੀ ਤੇ ਸਾਧਨਾ, ਲੱਭਣ ਦਾ ਉਪਰਾਲਾ ਹੈ। ਪੰਜਵੇਂ ਅਧਿਆਇ ਵਿਚ ‘ਆਨੰਦੁ’ ਬਾਣੀ ਦੀ ਸਾਹਿਤਕ ਮਹਾਨਤਾ, ਉਸ ਦੇ ਰੂਪ (ਵਿਚਾਰ) ਤੇ ਰਸ (ਕਲਾ) ਨੂੰ ਸੰਖੇਪ ਟਿੱਪਣੀਆਂ ਦੁਆਰਾ ਦਰਸਾਇਆ ਹੈ। ਇਹ ਪੁਸਤਕ ਸ਼ਰਧਾਲੂਆਂ, ਜਿਗਿਆਸੂਆਂ ਤੇ ਖੋਜੀਆਂ ਦੇ ਗਿਆਨ ਵਿਚ ਵਾਧਾ ਕਰਨ ਲਈ ਸਹਾਈ ਹੋਵੇਗੀ।