ਇਹ ਸੰਗ੍ਰਹਿ ਪ੍ਰਿੰ. ਅੰਮ੍ਰਿਤ ਲਾਲ ਮੰਨਣ ਦਾ ਚੌਥਾ ਕਾਵਿ ਸੰਗ੍ਰਹਿ ਹੈ। ਇੰਨ੍ਹਾਂ ਕਾਵਿ-ਕਿਰਤਾਂ ਦੇ ਵਿਸ਼ੇ ਵੰਨ ਸਵੰਨੇ ਹਨ। ਲੇਖਕ ਕਿਸੇ ਵਿਚਾਰ ਧਾਰਾ ਵਿਸ਼ੇਸ਼ ਨਾਲ ਬੱਝ ਕੇ ਸ਼ਾਇਰੀ ਨਹੀਂ ਕਹਿੰਦਾ। ਪਰ ਉਹ ਨਰੋਈਆਂ ਤੇ ਸੈਕੂਲਰ ਕਦਰਾਂ-ਕੀਮਤਾਂ ਦੀ ਵਕਾਲਤ ਕਰਨ ਦੀ ਪ੍ਰਬਲ ਰੁਚੀ ਜਰੂਰ ਰੱਖਦਾ ਹੈ। ਸ਼ਾਇਰ ਮੰਨਣ, ਇਕ ਤਰਫ਼ ਆਪਣੀਆਂ ਅਮੀਰ ਪਰੰਪਰਾਵਾਂ ਤੇ ਵਿਰਸੇ ਦੀ ਸ਼ਕਤੀ ਦਾ ਗੁਣਗਾਣ ਕਰਦਾ ਹੈ ਅਤੇ ਦੂਜੀ ਤਰਫ਼ ਵਿਸ਼ਵੀਕਰਨ ਦੇ ਮਾਰੂ ਪ੍ਰਭਾਵਾਂ ਦੀ ਨਿਸ਼ਾਨਦੇਹੀ ਕਰਦਾ ਪ੍ਰਤੀਤ ਹੁੰਦਾ ਹੈ। ਸ਼ਾਇਦ ਇਹ ਹੀ ਵਜ੍ਹਾ ਹੈ ਕਿ ਇਹ ਕਾਵਿ ਕਿਰਤਾਂ ਸਾਨੂੰ ਪਰਭਾਵਿਤ ਤੇ ਪ੍ਰੇਰਿਤ ਕਰਦੀਆਂ ਹਨ ।