ਇਸ ਪੁਸਤਕ ਵਿੱਚ ਲੇਖਕ ਗੁਰਪੀਤ ਸਿੰਘ ਤੂਰ ਦੀ ਸੂਝ ਤੇ ਸਮਰੱਥਾ ਜ਼ਿੰਦਗੀ ਤੋਂ ਬੇਮੁੱਖ ਵਰਤਾਰੇ ਦੇ ਕਾਰਨਾਂ ਦਾ ਵਿਸ਼ਲੇਸ਼ਣ ਕਰਨ ਵਿੱਚ ਹੈ । ਉਹ ਅੰਕੜਿਆਂ, ਨਿੱਜੀ ਅਨੁਭਵਾਂ, ਅੱਖੀਂ-ਡਿੱਠੇ ਅਨੇਕਾਂ ਵਰਤਾਰਿਆਂ, ਡੂੰਘੀ ਸਮਝ ਵਾਲੇ ਵੱਖ-ਵੱਖ ਖੇਤਰਾਂ ਦੇ ਪੁਰਮਾਂ ਦੁਆਰਾ ਕੱਢੇ ਤੱਤਾਂ ਤੇ ਆਪਣੇ ਚਿੰਤਨ ਦੇ ਸਿੱਟਿਆਂ ਰਾਹੀਂ ਨਿਤਾਰੀਆਂ ਗੱਲਾਂ ਪਾਠਕਾਂ ਦੇ ਸਨਮੁਖ ਕਰਦਾ ਜਾਂਦਾ ਹੈ । ਲੇਖਕ ਕਈ ਸਾਲ ਪੁਲਿਸ ਵਿਭਾਗ ਵਿਚ ਸੇਵਾ ਨਿਭਾਉਂਦੇ ਰਹੇ ਹਨ, ਜਿਸ ਕਰਕੇ ਉਨ੍ਹਾਂ ਨੇ ਪੰਜਾਬ ਵਿਚ ਵਾਪਰ ਰਹੀਆਂ ਘਟਨਾਵਾਂ ਆਪਣੇ ਅੱਖੀ ਵੇਖੀਆਂ ਹਨ । ਪੁਸਤਕ ਦੇ ਪਹਿਲੇ ਭਾਗ ਵਿੱਚ ਗ਼ਲਤ ਰਾਹ ਪਈ ਔਲਾਦ ਕਾਰਨ ਦੁੱਖਾਂ ਦੀ ਦਲਦਲ ਵਿੱਚ ਫਸੇ ਪਰਿਵਾਰਾਂ ਦੀਆਂ ਸੱਚੀਆਂ ਕਹਾਣੀਆਂ ਹਨ । ਪੁਸਤਕ ਦੇ ਦੂਜੇ ਭਾਗ ਵਿੱਚ ਸੁੱਚੇ ਮੋਤੀਆਂ ਜਿਹੇ, ਸਦੀਵੀ ਮੁੱਲ ਵਾਲੇ ਮਸ਼ਵਰੇ ਬਹੁਤ ਸਰਲ ਭਾਸ਼ਾ ਵਿੱਚ ਦਿੱਤੇ ਗਏ ਹਨ । ਛੋਟੇ ਆਕਾਰ ਦੀਆਂ ਇਹ ਰਚਨਾਵਾਂ ਬਹੁਤ ਪਿਆਰੀਆਂ ਹਨ । ਪੁਸਤਕ ਦੇ ਤੀਜੇ ਭਾਗ ਵਿੱਚ ਇੱਕ ਲੰਮਾ ਲੇਖ ਹੈ । ਇਸ ਨੂੰ ਪੜ੍ਹਦਿਆਂ ਜ਼ਿੰਦਗੀ ਦੀਆਂ ਅਨੇਕਾਂ ਰਮਜ਼ਾਂ ਸਮਝ ਵਿੱਚ ਆਉਂਦੀਆਂ ਹਨ । ਸਾਡੇ ਪਿਛਾਂਹ ਨੂੰ ਸਰਕ ਜਾਣ ਦੇ ਕਾਰਨ ਵੀ ਵਿਖਾਈ ਦੇਣ ਲੱਗਦੇ ਹਨ ।