‘ਆਜ਼ਾਦੀ ਮੇਰਾ ਬਰਾਂਡ’ ਮਹਿਜ਼ ਸਫ਼ਰਨਾਮਾ ਨਹੀਂ ਸਗੋਂ ਸਾਡੀ ਸੱਭਿਆਚਾਰਕ ਹੈੱਜਮਨੀ ਨੂੰ ਵੀ ਚੁਣੌਤੀ ਦਿੰਦਾ ਹੈ। ਇਸ ਪੁਸਤਕ ਰਾਹੀਂ ਪੰਜਾਬੀ ਸਾਹਿਤ ਵਿਚ ਕੁੱਝ ਨਵੇਂ ਵਿਸ਼ਿਆਂ ਦਾ ਜ਼ਿਕਰ ਕੀਤਾ ਗਿਆ ਹੈ। ਇਸ ਦਾ ਸਿਰਲੇਖ ਇਸ਼ਾਰਾ ਕਰਦਾ ਕਿ ਅਸਲੀ ਬਰਾਂਡ ਤਾਂ ਆਜ਼ਾਦੀ ਹੈ ਅਤੇ ਹਰ ਇੱਕ ਦਾ ਅਧਿਕਾਰ ਹੈ ਕਿ ਇਸ ਨੂੰ ਹਾਸਿਲ ਕਰੇ। ਇਹ ਪੁਸਤਕ ਬਾਕੀ ਯਾਤਰਾ-ਬਿਰਤਾਂਤਾਂ ਵਾਂਗੂੰ ਵੱਖੋ-ਵੱਖਰੀਆਂ ਥਾਵਾਂ ਦੇ ਸੱਭਿਆਚਾਰ ਦੀ ਪੇਸ਼ਕਾਰੀ ਤਾਂ ਕਰਦੀ ਹੀ ਹੈ, ਨਾਲ ਹੀ ਆਪਣੇ ਸੱਭਿਆਚਾਰ ਨਾਲ ਉਸ ਦੀ ਤੁਲਨਾ ਵੀ ਕਰਦੀ ਹੈ ਅਤੇ ਆਪਣੇ ਸੱਭਿਆਚਾਰ ਵਿੱਚ ਥੋਥੇਪਣ ਅਤੇ ਖੱਪਿਆਂ ਨੂੰ ਉਜਾਗਰ ਕਰਦੀ ਹੈ। ਇਸ ਧਰਤੀ ਨੂੰ ਖੂਬਸੂਰਤ ਬਣਾਉਣ ਲਈ ਔਰਤਾਂ ਦੁਆਰਾ ਵੱਖ-ਵੱਖ ਖੇਤਰਾਂ ਵਿੱਚ ਕੀਤੀਆਂ ਜਾਂਦੀਆਂ ਪ੍ਰਾਪਤੀਆਂ ਅਤੇ ਪਹਿਲਕਦਮੀਆਂ ਨੂੰ ਵਿਕਸਿਤ ਕਰਨ ਵਿੱਚ ਇਹ ਕਿਤਾਬ ਆਪਣਾ ਯੋਗਦਾਨ ਪਾਵੇਗੀ।