ਭਾਰਤੀ ਲੋਕਤੰਤਰ ਅੰਦਰ ਵੋਟ ਸੰਤੁਲਨ ਨੂੰ ਹਰ ਹਾਲ ਆਪਣੇ ਹੱਕ ਵਿਚ ਬਣਾਈ ਰੱਖਣ ਵਾਲੀ ਰਾਜਨੀਤੀ ਦੀ ਮਨਮੁਖੀ ਚਾਲ, ਖਚਰੀ ਜੁਗਤ/ਵਿਧੀ ਦਾ ਨਾਮ ਹੈ – ਨਵੰਬਰ 84! ਨਿਰਮਲ ਮਨ ਲਈ ਇਸ ਦੀ ਅਸਲ ਸੰਗਿਆ ਕਤਲੇਆਮ ਹੈ! ਲੇਖਿਕਾ ਵਾਂਗ ਪੰਜਾਬ ਤੋਂ ਬਾਹਰ ਭਾਰਤ ਅੰਦਰ ਵੱਸਦਾ ਸਮਸਤ ਸਿੱਖ ਮਾਨਵ ਸੁੰਨ ਕਰ ਦਿੱਤਾ ਗਿਆ! ਪੁਸ਼ਤਾਂ ਤੱਕ ਕੰਬਦੇ ਰਹਿਣ ਲਈ! ’31 ਅਕਤੂਬਰ’ ਇਸ ਰਾਜਨੀਤਕ ਮਾਨਸਿਕਤਾ ਦਾ ਸਾਹਿਤਕ/ਮਾਨਵੀ ਉੱਤਰ ਹੈ। ਇਸ ਅੰਦਰ ਮਾਂ ਦਾ ਰੂਪ ਧਾਰ ਸਮੁੱਚਾ ਮਾਨਵ ਨਿਰਭੈ ਤੇ ਨਿਰਵੈਰ ਹੋ ਮੈਲੇ ਮਨ ਨੂੰ ਨਿਰਮਲ ਹੋ ਜਾਣ ਲਈ ਬੇਵੱਸ ਕਰਨ ਦਾ ਹੌਸਲਾ ਵਿਖਾਉਂਦਾ ਹੈ। ਜੀਣ ਦੀ ਉਮੰਗ ਨੂੰ ਬੁਲੰਦ ਰੱਖਦਾ ਹੈ। ਮਨ ਦੀ ਨਿਰਮਲਤਾ ਲਈ ਜੂਝਦਾ ਹੈ। ਬਾਬੇ ਨਾਨਕ ਦੀ ਬਾਣੀ ਵਿਸ਼ੇਸ਼ ਬਾਬਰਵਾਣੀ ਦੀ ਪਰੰਪਰਾ ਨੂੰ ਆਪਣੇ ਅੰਦਰ ਸੰਭਾਲੀ ਰੱਖਦਾ ਹੈ। ਲੇਖਿਕਾ ਨੇ ’31 ਅਕਤੂਬਰ’ ਲਿਖ ਕੇ ਇਸ ਪਰੰਪਰਾ ਪ੍ਰਤੀ ਆਪਣਾ ਫ਼ਰਜ਼ ਨਿਭਾਇਆ ਹੈ।