ਬਾਬਾ ਬੰਦਾ ਸਿੰਘ ਬਹਾਦੁਰ ਸੰਸਾਰ ਦੇ ਇਤਿਹਾਸ ਵਿੱਚ ਮਹਾਨ ਜਰਨੈਲਾਂ ਵਿੱਚ ਸ਼ੁਮਾਰ ਹੁੰਦਾ ਹੈ । ਜੰਮੂ ਕਸ਼ਮੀਰ ਦੇ ਇਸ ਮਹਾਨ ਜਰਨੈਲ ਦੇ ਜਨਮ ਅਸਥਾਨ ਬਾਰੇ ਵਿਭਿੰਨ ਲੇਖਕਾਂ ਨੇ ਸਿਰਮੌਰ, ਜਲੰਧਰ, ਗੁਰਦਾਸਪੁਰ, ਮੈਂਡਰ ਆਦਿ ਲਿਖ ਕੇ ਭੰਬਲ ਭੂਸਿਆਂ ਵਿੱਚ ਪਾ ਰੱਖਿਆ ਹੈ । ਖ਼ਾਲਸਾ ਰਾਜ ਦੇ ਇਸ ਜਰਨੈਲ ਬਾਰੇ ਮੁੱਢਲੇ ਫ਼ਾਰਸੀ ਸਰੋਤ ਕਾਫ਼ੀ ਚਾਨਣਾ ਪਾਉਂਦੇ ਹਨ । ਲੇਖਕ ਇਨ੍ਹਾਂ ਪ੍ਰਾਥਮਿਕ ਸਰੋਤਾਂ ਦੇ ਆਧਾਰ ‘ਤੇ ਨਿਰਣਾ ਕੱਢਦਾ ਹੈ ਕਿ ਬੰਦਾ ਸਿੰਘ ਬਹਾਦੁਰ ਦਾ ਜਨਮ ਨਾਮਖੇਤ ਡੱਡਾਂ ਵਾਲੀ ਬਾਵਲੀ ਦੇ ਉੱਪਰ ਦਸੱਲ ਪਹਾੜੀ, ਗੁਰਧਨ ਪਾਈਨ, ਪਟਵਾਰ ਹੱਲਕਾ ਫ਼ਤਿਹਪੁਰ (ਤਹਿ ਤੇ ਜਿਲ੍ਹਾ ਰਾਜੌਰੀ) ਵਿੱਚ ਹੋਇਆ ਸੀ । ਇਹ ਜਨਮ ਅਸਥਾਨ ਕਈ ਸਦੀਆਂ ਤੱਕ ਗੁਮਨਾਮੀ ਦੀ ਹਾਲਤ ਵਿੱਚ ਪਿਆ ਰਿਹਾ ਹੈ। ਬਾਬਾ ਬੰਦਾ ਸਿਘ ਬਹਾਦੁਰ ਸਿੱਖ ਨੌਜਵਾਨ ਸਭਾ (ਰਜਿ.)ਰਾਜੌਰੀ ਨੇ ਕਈ ਵਰ੍ਹਿਆਂ ਤੋਂ ਦੌੜ ਭੱਜ ਕਰ ਕੇ ਮਹਿਕਮਾ ਮਾਲ ਦੇ ਕਾਗਜ਼ਾਂ ਵਿੱਚੋਂ ਡੱਡਾਂ ਵਾਲੀ ਬਾਵਲੀ ਦੀ ਨਿਸ਼ਾਨਦੇਹੀ ਕੀਤੀ ਹੈ । ਕਿਤਾਬ ਦੇ ਅਖੀਰ ਵਿੱਚ ਖਾਸ ਦਸਤਾਵੇਜ਼ ਵੀ ਸ਼ਾਮਲ ਕੀਤੇ ਗਏ ਹਨ । ਤੇਗ-ਏ-ਆਤਿਸ਼ਬਾਰ : ਬਾਬਾ ਬੰਦਾ ਸਿੰਘ ਬਹਾਦੁਰ ਪੁਸਤਕ ਲਿਖ ਕੇ ਡਾ. ਜਸਬੀਰ ਸਿੰਘ ਸਰਨਾ ਨੇ ਇਤਿਹਾਸਿਕ ਪਰਤਾਂ ਤੋਂ ਪਰਦਾ ਚੁੱਕਿਆ ਹੈ ਤੇ ਕਈ ਤੱਥਾਂ ਨੂੰ ਸਪਸ਼ਟ ਕੀਤਾ ਹੈ ।