ਪ੍ਰੋਫੈਸਰ ਤੇਜਾ ਸਿੰਘ ਅਨੁਸਾਰ ਭਾਈ ਕਾਨ੍ਹ ਸਿੰਘ ਨਾਭਾ ਦਾ ਗੁਰੁਸ਼ਬਦ ਰਤਨਾਕਰ ਮਹਾਨਕੋਸ਼ ਸਿੱਖ ਸਾਹਿਤ ਦਾ ਕੋਸ਼ (ਡਿਕਸ਼ਨਰੀ) ਵੀ ਹੈ ਅਤੇ ਵਿਸ਼ਵਕੋਸ਼ ਵੀ ਹੈ ਜਿਹੜਾ ਕਿ ਭਾਈ ਸਾਹਿਬ ਦੀ ਪੰਦਰ੍ਹਾਂ ਸਾਲਾਂ ਦੀ ਅਣਥੱਕ ਘਾਲਣਾ ਦਾ ਸਿੱਟਾ ਹੈ। ਇਸ ਵਿਚ ਸਿੱਖ ਸਾਹਿਤ ਨਾਲ ਸੰਬੰਧਿਤ ਸ਼ਬਦਾਂ ਦੇ ਸੰਦਰਭ ਵੇਦਾਂ, ਸ਼ਾਸਤਰਾਂ, ਬਾਈਬਲ, ਕੁਰਾਨ ਸ਼ਰੀਫ ਅਤੇ ਹੋਰ ਧਾਰਮਿਕ ਗ੍ਰੰਥਾਂ ਵਿਚ ਵੀ ਲੱਭੇ ਗਏ ਹਨ। ਸੰਗੀਤ ਅਤੇ ਛੰਦ ਸ਼ਾਸਤਰ ਦੀਆਂ ਜੁਗਤਾਂ ਦੇ ਵੇਰਵੇ ਵੀ ਸਪਸ਼ਟ ਕੀਤੇ ਗਏ ਹਨ। ਇਸ ਵਿਚ ਉੱਘੇ ਸਥਾਨਾਂ ਦੇ ਨਕਸ਼ੇ ਆਦਿ ਵੀ ਦਿੱਤੇ ਗਏ ਹਨ। 1912 ਵਿਚ ਆਰੰਭ ਕਰਕੇ 1926 ਵਿਚ ਸੰਪੂਰਨ ਕੀਤੀ ਗਈ ਇਸ ਰਚਨਾ ਨੇ ਜਿਥੇ ਸਾਹਿਤ ਅਤੇ ਦਰਸ਼ਨ ਸ਼ਾਸਤ੍ਰ ਦੇ ਪੰਜਾਬੀ ਜਾਣਨ ਵਾਲੇ ਪਾਠਕਾਂ ਸਾਮ੍ਹਣੇ ਆਉਂਦੀ ਰਹੀ ਵਡੀ ਕਮੀ ਨੂੰ ਦੂਰ ਕੀਤਾ ਉਥੇ ਨਾਲ ਹੀ ਨਾਲ ਵਿਦਵਾਨਾਂ ਨੂੰ ਵੀ ਪ੍ਰੇਰਨਾ ਦਿੱਤੀ ਕਿ ਅਜਿਹੇ ਹੋਰ ਕੰਮ ਵੀ ਸਾਮ੍ਹਣੇ ਆਉਣੇ ਚਾਹੀਦੇ ਹਨ।