2015 ਵਿਚ ਅਮਨਦੀਪ ਸੰਧੂ ਨੇ ਪੰਜਾਬ ਬਾਰੇ ਆਪਣੇ ‘ਦਿਲ ਦੇ ਸੁਰਾਖ਼’ ਤੇ ਇਸ ਵਿਚਲੇ ਸੱਖਣੇਪਣ ਨੂੰ ਭਰਨ ਲਈ ਖੋਜ-ਬੀਣ ਦਾ ਬੀੜਾ ਚੁੱਕਿਆ । ਅਗਲੇ ਤਿੰਨ ਸਾਲ ਸੂਬੇ ਅੰਦਰ ਭੌਂਦਿਆਂ ਉਸ ਨੇ ਤੱਕਿਆ ਕਿ ਲੋਕ ਗਾਥਾਵਾਂ ਰਾਹੀਂ ਉਸ ਦੇ ਤਸੱਵਰ ਵਿਚ ਵੱਸੇ ਪੰਜਾਬ ਤੇ ਹਕੀਕੀ ਪੰਜਾਬ ਦਰਮਿਆਨ ਵੱਡਾ ਖੱਪਾ ਹੈ । ਸਾਹਿਤਕ ਪੱਤਰਕਾਰੀ ਦੀ ਰੂਪ-ਵਿਧਾ ਦੇ ਦ੍ਰਿਸ਼ਟੀਕੋਣ ਤੋਂ ਲਿਖੀ ਇਸ ਪੁਸਤਕ ਦਾ ਬਿਰਤਾਂਤ ਇਤਿਹਾਸਕ ਤੱਥਾਂ ’ਚੋਂ ਨਿਕਲੇ, ਲੇਖਕ ਦੇ ਨਿੱਜੀ ਜੀਵਨ ਨਾਲ ਜੁੜੇ ਅਤੇ ਕੀਤੀਆਂ ਯਾਤਰਾਵਾਂ ’ਚੋਂ ਕਸ਼ੀਦੇ ਅਨੁਭਵਾਂ ਨਾਲ ਘੁਲ-ਮਿਲ ਕੇ ਪੰਜਾਬ ਨਾਲ ਸੰਬੰਧਿਤ ਜ਼ਮੀਨੀ ਹਕੀਕਤ ਤੇ ਯਥਾਰਥ ਨੂੰ ਉਘਾੜਦਾ ਹੈ ।