ਇਸ ਕਿਤਾਬ ਵਿੱਚ ਜਿਨ੍ਹਾਂ ਪੰਛੀਆਂ ਨੂੰ ਪੰਜਾਬ ਦੇ ਪੰਛੀ ਕਿਹਾ ਗਿਆ ਹੈ, ਉਹ ਅਜਿਹੇ ਪੰਛੀ ਨਹੀਂ ਹਨ, ਜਿਹੜੇ ਸਿਰਫ ਪੰਜਾਬ ਵਿੱਚ ਹੀ ਮਿਲਦੇ ਹੋਣ । ਦੇਸ਼, ਸੂਬੇ ਅਤੇ ਖਿੱਤੇ ਇਨਸਾਨਾਂ ਦੁਆਰਾ ਸਿਰਜੀਆਂ ਗਈਆਂ ਸੀਮਾਵਾਂ ਹਨ । ਪੰਛੀ ਇਨ੍ਹਾਂ ਤੋਂ ਅਜ਼ਾਦ ਹਨ । ਇਸ ਕਿਤਾਬ ਵਿੱਚ ਜਿਨ੍ਹਾਂ ਪੰਛੀਆਂ ਨੂੰ ਪੰਜਾਬ ਦੇ ਪੰਛੀ ਕਿਹਾ ਜਾ ਰਿਹਾ ਹੈ, ਉਨ੍ਹਾਂ ਵਿੱਚ ਕੁੱਝ ਅਜਿਹੇ ਹਨ, ਜਿਹੜੇ ਸਾਰਾ ਸਾਲ ਪੰਜਾਬ ਵਿੱਚ ਰਹਿੰਦੇ ਹਨ ਅਤੇ ਕੁੱਝ ਅਜਿਹੇ ਹਨ, ਜਿਹੜੇ ਮੌਸਮ ਅਨੁਸਾਰ ਸਾਲ ਵਿੱਚ ਇੱਕ ਵਾਰ ਆਉਦੇ ਹਨ । ਜਿਹੜੇ ਸਾਰਾ ਸਾਲ ਪੰਜਾਬ ਵਿੱਚ ਰਹਿੰਦੇ ਹਨ, ਉਹ ਵੀ ਅਜਿਹੇ ਪੰਛੀ ਨਹੀਂ ਹਨ, ਜਿਹੜੇ ਸਿਰਫ ਪੰਜਾਬ ਵਿੱਚ ਹੀ ਮਿਲਦੇ ਹੋਣ । ਇਨ੍ਹਾਂ ਪੰਛੀਆਂ ਦੀਆਂ ਕਿਸਮਾਂ ਦੁਨੀਆਂ ਦੇ ਹੋਰ ਹਿੱਸਿਆਂ ਵਿੱਚ ਵੀ ਮਿਲਦੀਆਂ ਹਨ । ਜਿਨ੍ਹਾਂ ਨੂੰ ਇਥੇ ਪੰਜਾਬ ਦੇ ਪੰਛੀ ਕਿਹਾ ਜਾ ਰਿਹਾ ਹੈ, ਉਹ ਪੰਛੀ ਪੰਜਾਬ ਵਿੱਚ ਦੇਖੇ ਜਾਂਦੇ ਹਨ ਅਤੇ ਇਨ੍ਹਾਂ ਦੇ ਪੰਜਾਬੀ ਨਾਂ ਮਿਲਦੇ ਹਨ । ਖੋਜੀਆਂ ਨੇ ਹੁਣ ਤੱਕ 250 ਤੋਂ ਵੱਖ ਅਜਿਹੇ ਪੰਛੀਆਂ ਦੀ ਪਛਾਣ ਕੀਤੀ ਹੈ, ਜਿਹੜੇ ਪੰਜਾਬ ਵਿੱਚ ਦੇਖੇ ਜਾਂਦੇ ਹਨ ਅਤੇ ਜਿਨ੍ਹਾਂ ਦੇ ਪੰਜਾਬੀ ਨਾਂ ਉਪਲਬਧ ਹਨ ।