ਪਾਸ਼ ਵਰਗੀ ਕਾਵਿ ਪ੍ਰਤਿਭਾ ਚਿਰਾਂ ਪਿੱਛੋਂ ਲੱਭਦੀ ਹੈ । ਇੰਝ ਲਗਦਾ ਹੈ ਕਿ ਸ਼ਾਇਦ ਪਾਸ਼ ਫਾਸ਼ਿਜ਼ਮ ਖਿਲਾਫ਼ ਸੰਪੂਰਨ ਯੁੱਧ ਛੇੜਨ ਵਾਲਾ ਪੰਜਾਬੀ ਦਾ ਪਹਿਲਾ ਕਵੀ ਹੈ । ਪਾਸ਼ ਦੀ ਕਵਿਤਾ ਵਿਰਸੇ ਨਾਲ ਵੀ ਉੱਨੀ ਹੀ ਪ੍ਰਚੰਡਤਾ, ਤੀਖਣਤਾ, ਤੀਬਰਤਾ, ਜੋਸ਼ ਤੇ ਜ਼ੋਰ ਨਾਲ ਸੰਵਾਦ ਰਚਾਉਂਦੀ ਹੈ ਅਤੇ ਇਹ ਸਹਿਜੇ ਹੀ ਉਸ ਲੜੀ ਵਿਚ ਸ਼ਾਮਲ ਹੋ ਜਾਂਦੀ ਹੈ ਜਿਸ ਦਾ ਮੂੰਹ ਸਦਾ ਲੋਕਾਈ ਵੱਲ ਰਿਹਾ ਹੈ ।