ਇਹ ਪੁਸਤਕ ਡਾ. ਬਲਵਿੰਦਰ ਕੌਰ ਦੀ ਸੁਹਜਮਈ ਵਾਰਤਕ ਅਤੇ ਸਿਰਜਣਾਤਮਕ ਆਲੋਚਨਾ ਨਾਲ ਭਰਪੂਰ ਸਾਹਿਤਕ ਲੇਖਾਂ ਦਾ ਸੰਗ੍ਰਹਿ ਹੈ, ਕਿਉਂਕਿ ਇਸ ਵਿਚ ਛੋਹੇ ਗਏ ਵਿਸ਼ੇ ਸਾਹਿਤਕ ਤੇ ਰੂਹਾਨੀ ਜਗਤ ਦੀਆਂ ਡੂੰਘੀਆਂ ਰਮਜ਼ਾਂ ਦਾ ਸਹਿਜ ਵਰਣਨ ਹਨ । ਇਨ੍ਹਾਂ ਵਿਚਲੀ ਡੂੰਘਾਈਆਂ ਤੇ ਅਬੋਲ ਰਮਜ਼ਾਂ ਦੀ ਪਛਾਣ ਇਸ ਤਰ੍ਹਾਂ ਕੀਤੀ ਗਈ ਹੈ, ਜਿਵੇਂ ਉਨ੍ਹਾਂ ਦੇ ਸੰਕੇਤ ਲੈ ਕੇ ਮੁੜ ਪ੍ਰਭਾਵੀ ਢੰਗ ਨਾਲ ਸਿਰਜਣਾ ਕਰ ਦਿੱਤੀ ਗਈ ਹੋਵੇ । ਇਨ੍ਹਾਂ ਮੌਜ਼ੂਆਂ ਵਿਚ ਜਿਥੇ ਵੀ ਔਰਤ ਦਾ ਪਾਤਰ ਜਾਂ ਪ੍ਰਤੀਕ ਆਇਆ ਹੈ, ਉਸ ਨੂੰ ਆਪਣੇ ਨਿਵੇਕਲੇ ਅੰਦਾਜ਼ ਨਾਲ ਪੇਸ਼ ਕਰਦਿਆਂ ਲੇਖਿਕਾ ਨੇ ਇਸਤਰੀ ਮਨ ਦੇ ਸੁਹਜ ਅਤੇ ਮਾਨਵੀ ਰਿਸ਼ਤਿਆਂ ਵਿਚ ਨਾਰੀ ਦੇ ਸਹੀ ਸਥਾਨ ਨੂੰ ਰੂਹਾਨੀ ਅਤੇ ਸੁਹਜਮਈ ਛੁਹ ਨਾਲ ਪੇਸ਼ ਕੀਤਾ ਹੈ । ਲੇਖਿਕਾ ਨੇ ਰੂਸੀ ਸਰਕਾਰ ਵੱਲੋਂ ਟਾਲਸਟਾਏ, ਤੁਰਗਨੇਵ ਦੋਸਤੋਵਸਕੀ ਵਰਗੇ ਲੇਖਕਾਂ ਨੂੰ ਉਚਿਆਣ ਦੀ ਥਾਂ ਕੇਵਲ ਗੋਰਕੀ ਨੂੰ ਉਚਿਆਣ ਸਮੇਂ ਮਾਨਵ ਮਨ ਦੀਆਂ ਡੂੰਘੀਆਂ ਰੀਝਾਂ ਤੇ ਸੱਧਰਾਂ ਨਾਲ ਹੁੰਦੇ ਘਾਣ ਨੂੰ ਸਹੀ ਦ੍ਰਿਸ਼ਟੀਕੋਣ ਰਾਹੀਂ ਪਾਠਕਾਂ ਅੱਗੇ ਰੱਖਿਆ ਹੈ ।