ਸਰਦਾਰ ਮੱਘਰ ਸਿੰਘ ਜੀ ਦਾ ਜੀਵਨ ਅਨੁਭਵ ਭਾਰਤ ਤੋਂ ਕੀਨੀਆਂ ਅਤੇ ਇੰਗਲਿਸਤਾਨ ਤਕ ਫੈਲਿਆ ਹੋਣ ਦੇ ਨਾਲ ਨਾਲ ਪਚਾਸੀ ਸਾਲ ਲੰਮਾ ਵੀ ਹੈ । ਇਸ ਦੀਰਘ ਅਤੇ ਵਿਸ਼ਾਲ ਅਨੁਭਵ ਵਿਚੋਂ ਮੇਰੀ ਸਾਹਿਤ ਯਾਤਰਾ ਨਾਂ ਦੀ ਸੰਖੇਪ ਜਹੀ ਪੁਸਤਕ ਦੀ ਉਤਪਤੀ ਹੋਈ ਹੈ । ਉਨ੍ਹਾਂ ਦੀ ‘ਸਾਹਿਤ ਯਾਤਰਾ’ ਨੂੰ ਉਨ੍ਹਾਂ ਦੀ ਜੀਵਨ ਯਾਤਰਾ ਵੀ ਆਖਿਆ ਜਾ ਸਕਦਾ ਹੈ । ਉਮਰ ਦੀ ਸੰਧਿਆ ਸਮੇਂ ਆਪਣੇ ਅਨੁਭਵ ਨੂੰ ਪੁਸਤਕ ਦਾ ਰੂਪ ਦੇਣ ਦੀ ਇੱਛਾ ਪਿੱਛੇ ਆਤਮ-ਪ੍ਰਦਰਸ਼ਨ ਦੀ ਭਾਵਨਾ ਨਹੀਂ ਹੈ । ਇਹ ਪੁਸਤਕ ਸਨੇਹ ਅਤੇ ਸਦਭਾਵਨਾ ਵਿਚੋਂ ਪੈਦਾ ਹੋਈ ਹੈ । ਉਨ੍ਹਾਂ ਨੇ ਜੀਵਨ ਦੇ ਪੁਰਾਤਨ ਅਤੇ ਨਵੀਨ ਰੂਪ ਵੇਖੇ ਹਨ : ਜੀਵਨ ਦੇ ਪੂਰਬੀ, ਮੱਧ-ਪੂਰਬੀ ਅਤੇ ਪੱਛਮੀ ਰੂਪ ਵੇਖੇ ਹਨ ; ਜੀਵਨ ਨੂੰ ਸਦਾ ਬਦਲਦਾ ਵੇਖਿਆ ਹੈ ਅਤੇ ਮਨੁੱਖ ਨੂੰ ਬਦਲਣੋਂ ਇਨਕਾਰ ਕਰਦੇ ਵੇਖਿਆ ਹੈ । ਇਸ ਇਨਕਾਰ ਵਿਚੋਂ ਪੈਦਾ ਹੋਣ ਵਾਲੇ ਦੁੱਖਾਂ ਨੂੰ ਵੇਖ ਕੇ ਉਹ ਆਪਣੇ ਮਿੱਤ੍ਰਾਂ, ਸਨੇਹੀਆਂ, ਸੰਬੰਧੀਆਂ ਅਤੇ ਪਾਠਕਾਂ ਨੂੰ ਸਮੇਂ ਦੀ ਸੁਰ ਪਛਾਣਨ ਦੀ ਸਲਾਹ ਦੇਣਾ ਚਾਹੁੰਦੇ ਹਨ ।