ਲੋਕ ਕਾਵਿ, ਲੋਕ ਮਨ ਦਾ ਪ੍ਰਗਟਾਅ ਹੈ । ਵਿਆਹ-ਸ਼ਾਦੀਆਂ ਸਮੇਂ ਔਰਤਾਂ ਆਪਣੇ ਮਨ ਦੀਆਂ ਗੁੰਝਲਾਂ ਦਾ ਪ੍ਰਗਟਾਅ ਲੋਕ-ਕਾਵਿ ਦੇ ਕਿਸੇ ਨਾ ਕਿਸੇ ਰੂਪ ਵਿੱਚ ਕਰਦੀਆਂ ਹਨ । ਕਰਮਜੀਤ ਕੌਰ ਨੇ ਜਦੋਂ ਔਰਤਾਂ ਦੇ ਮਨਾਂ ਨੂੰ ਫਰੋਲਿਆ ਤਾਂ ਸਾਡੀਆਂ ਸੁਘੜ-ਸਿਆਣੀਆਂ ਤ੍ਰੀਮਤਾਂ ਨੇ ਬਾ-ਕਮਾਲ ਉਹ ਗੀਤ, ਜੋ ਉਹ ਆਪਣੇ ਮਨਾਂ ਦੀ ਤਹਿ ਥੱਲੇ ਦੱਬੀ ਬੈਠੀਆਂ ਸਨ, ਉਹਨਾਂ ਦਾ ਪ੍ਰਗਟਾਅ ਲੰਮੀਆਂ ਹੇਕਾਂ ਲਾ-ਲਾ ਕੇ ਕੀਤਾ । ਅਸਲ ਵਿੱਚ ਕੋਈ ਵੀ ਲੇਖਕ ਆਪਣੀ ਲਿਖਤ ਨੂੰ ਉਦੋਂ ਹੀ ਸਫ਼ਲ ਤੇ ਵਧੀਆ ਬਣਾ ਸਕਦਾ ਹੈ, ਜਦੋਂ ਉਹ ਸਾਹਮਣੇ ਵਾਲੇ ਨੂੰ ਪੜ੍ਹੇ ਹੀ ਨਾ, ਸਗੋਂ ਉਸਨੂੰ ਜੀਵੇ ਵੀ । ਲੇਖਿਕਾ ਨੇ ਪਿੰਡਾਂ ਦੀਆਂ ਸੁਆਣੀਆਂ ਤੋਂ ਖੁਦ ਜਾ ਕੇ ਇਹ ਗੀਤ ਇੱਕਠੇ ਕਰਨ ਲਈ ਬੜੀ ਮਿਹਨਤ ਕੀਤੀ ਅਤੇ ਉਹਨਾਂ ਸੁਆਣੀਆਂ ਦੀ ਆਵਾਜ਼ ਨੂੰ ਪੁਸਤਕ ਦਾ ਰੂਪ ਦਿੱਤਾ ਹੈ ।