ਭਾਈ ਦਰਬਾਰੀ ਦਾਸ (1724 ਈ. ਤੋਂ 1810 ਈ. ਲਗਪਗ) ਪਿੰਡ ਵੈਰੋ ਕੇ, ਜ਼ਿਲ੍ਹਾ ਮੋਗਾ ਵਿੱਚ ਮਿਹਰਵਾਨ ਸੰਪ੍ਰਦਾਇ ਤੋਂ ਵਰੋਸਾਇਆ ਇਕ ਮਹਾਨ ਕਵੀ ਸੀ ਜੋ ਆਪਦੇ ਗੁਰੂਦੇਵ ਅਭੇ ਰਾਮ ਨੂੰ ਰੱਬ ਦਾ ਸਰੂਪ ਸਮਝਦਾ ਸੀ । ਪਹਿਲਾਂ ਉਸ ਨੇ ਆਪਣੀ ਸੰਪ੍ਰਦਾਇ ਦੇ ਅਨੇਕਾਂ ਗ੍ਰੰਥ ਲਿਖਣ ਦੀ ਸੇਵਾ ਨਿਭਾਈ । ਉਪਰੰਤ ਆਪ ਵੀ ਬਹੁਤ ਕਾਵਿ ਰਚਨਾ ਕੀਤੀ, ਜਿਸ ਨੂੰ “ਹਰਿਜਸੁ ਪੋਥੀ” ਗ੍ਰੰਥ ਦੇ 918 ਪੱਤਰਿਆਂ ਅਰਥਾਤ 1836 ਪੰਨਿਆਂ ’ਤੇ ਅੰਕਿਤ ਕੀਤਾ । ਉਸ ਦਾ ਮੁੱਖ ਆਧਾਰ ਗੁਰਬਾਣੀ ਹੀ ਹੈ । ਉਸ ਦੀ ਵਿਸ਼ਾਲ ਰਚਨਾ ਨੂੰ ਇੱਕੋ ਪੁਸਤਕ ਵਿੱਚ ਨਾ ਸਮੇਟਿਆ ਜਾਣ ਕਾਰਣ, ਦੋ ਪੁਸਤਕਾਂ ਵਿੱਚ ਸੰਕਲਿਤ ਕੀਤਾ ਗਿਆ ਹੈ । ਪਹਿਲੇ ਹਥਲੇ ਭਾਗ ਵਿੱਚ, ਰਾਗਾਂ ਵਿੱਚ ਰਚੀ ਰਚਨਾ ਹੈ, ਜਦ ਕਿ ਦੂਜੇ ਭਾਗ ਵਿੱਚ ਪਰਚੀਆਂ ਭਗਤਾਂ ਕੀਆਂ, ਅੰਗ ਰਚਨਾ, ਕਬਿੱਤ ਸਵੈਯੇ, ਤੀਹਰਫੀਆਂ, ਮਾਝਾਂ, ਪ੍ਰੇਮ ਪੈਂਡਾ ਅਤੇ ਸਲੋਕ ਆਦਿ ਦਰਜ ਹਨ ।