ਹਰਿੰਦਰ ਸਿੰਘ ਮਹਿਬੂਬ ਪੰਜਾਬ ਦੇ ਪੰਜ ਸਾਹਿਤ ਰਤਨਾਂ ਵਿਚੋਂ ਗਿਣਿਆ ਜਾਂਦਾ ਹੈ । ਉਸਦੇ ਰਚਨਾ ਦਾ ਸੋਮਾ ਸਿੱਖੀ ਦੀ ਸ੍ਰਿਸ਼ਟੀ ਪ੍ਰਤਿ ਸੰਵੇਦਨਾ ਸੀ । “ਇਹੁ ਜਗੁ ਸਚੈ ਕੀ ਹੈ ਕੋਠੜੀ ਸਚੇ ਕਾ ਵਿਚਿ ਵਾਸੁ” ਹਰ ਜਾਗਰੂਕ ਇਨਸਾਨ ਨੂੰ ਸ੍ਰਿਸ਼ਟੀ ਦੇ ਕਣ ਕਣ ਨਾਲ ਅਥਾਹ ਪਿਆਰ ਕਰਨ ਵੱਲ ਪ੍ਰੇਰਦਾ ਹੈ । ਏਸ ਪਾਕ ਰਿਸ਼ਤੇ ਜੋੜਨ ਦੇ ਸੂਤਰਧਾਰ ਗੁਰੂ ਵਿੱਚ ਮਹਿਬੂਬ ਦੀ ਗੂਹੜੀ ਆਸਥਾ ਸੀ । ਗੁਰੂ ਨੂੰ ਆਪਣੇ ਮੁੱਢਲੀ ਅਮਰ ਪਾਕੀਜ਼ਗੀ ਵਿੱਚ ਵੇਖਣ ਦਾ ਉਹ ਚਾਹਵਾਨ ਸੀ । ਉਸ ਨੂੰ ਆਖਰੀ ਸਾਲਾਂ ਵਿੱਚ ਬਹੁਤ ਫਿਕਰ ਸੀ ਕਿ ਗੁਰੂ ਅਕਸ ਨੂੰ ਢਾਅ ਲਾਉਣ ਦੀ ਜ਼ਹਿਰ ਕੜ੍ਹਦੀ ਕੜ੍ਹਦੀ ਹਲਾਹਲ ਬਣਨ ਕਿਨਾਰੇ ਪਹੁੰਚ ਚੁੱਕੀ ਹੈ । ਏਸ ਪੱਖੋਂ ਉਹ ਦਸਮੇਸ਼ ਦੀ ਛਬੀ ਨੂੰ ਖਾਸ ਖਤਰਾ ਦੱਸਦਾ ਸੀ ਅਤੇ ਏਸੇ ਲਈ ਉਸਨੇ ‘ਇਲਾਹੀ ਨਦਰ ਦੇ ਪੈਂਡੇ’ ਲਿਖਣ ਦੇ ਸਿਲਸਿਲੇ ਨੂੰ ਸੰਕੋਚ ਕੇ ਚੌਥੇ ਭਾਗ ਨੂੰ ਪਹਿਲਾਂ ਮੁਕੰਮਲ ਕੀਤਾ । ਇਹ ਓਸਦੀ ਸਿੱਖੀ ਨੂੰ ਖਾਸ ਸ਼ਰਧਾਂਜਲੀ ਸੀ । ਹੱਥਲੀ ਪੁਸਤਕ ‘ਹਰਿੰਦਰ ਸਿੰਘ ਮਹਿਬੂਬ ਦੀ ਵਿਚਾਰਧਾਰਾ’ ਦਾ ਲੇਖਕ ਅਮਰੀਕ ਸਿੰਘ ਮਹਿਬੂਬ ਦਾ ਪੁਰਾਣਾ ਸੰਗੀ ਸਾਥੀ ਹੈ । ਉਹਨਾਂ ਦਾ ਸਿੱਖੀ ਨਾਲ ਰਿਸ਼ਤਾ ਏਸ ਤੋਂ ਵੀ ਪਹਿਲਾਂ ਦਾ ਹੈ ਅਤੇ ਮਹਿਬੂਬ ਵਾਂਗ ਹੀ ਪੀਢਾ ਹੈ । ਮਹਿਬੂਬ ਨੂੰ ਸਮਝਣ ਅਤੇ ਓਸਦਾ ਉਲੱਥਾ ਕਰਨ ਦੀ ਸਮਰਥਾ ਅਤੇ ਲਗਨ ਵੀ ਉਸ ਵਿੱਚ ਹੈ ।