ਇਸ ਪੁਸਤਕ ਨੂੰ ਲੇਖਕਾ ਨੇ ਸੱਤ ਅਧਿਆਵਾਂ ਵਿਚ ਵੰਡਕੇ ਲਿਖਿਆ ਹੈ। ਪਹਿਲੇ ਅਧਿਆਇ ਵਿਚ ਗੁਰੂ ਅੰਗਦ ਦੇਵ ਜੀ ਦੇ ਜੀਵਨ ਵੇਰਵਿਆਂ ਅਤੇ ਰਚਨਾ ਬਾਰੇ ਸੰਖੇਪ ਤੇ ਗੰਭੀਰ ਅਧਿਐਨ ਪੇਸ਼ ਕੀਤਾ ਹੈ। ਦੂਜੇ ਅਧਿਆਇ ਵਿਚ ਉਨ੍ਹਾਂ ਦੀ ਸਖਸ਼ੀਅਤ ਬਾਰੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਬਾਣੀ ਰਾਮਕਲੀ ਦੀ ਵਾਰ ਅਤੇ ਸਵੱਈਏ ਮਹੱਲੇ ਦੂਜੇ ਕੇ ਨੂੰ ਆਧਾਰ ਬਣਾਕੇ ਨਿਵਕਲੇ ਅੰਦਾਜ ਵਿਚ ਗੁਰੂ ਸ਼ਖਸ਼ੀਅਤ ਨੂੰ ਪਹਿਚਾਣਨ ਦਾ ਯਤਨ ਕੀਤਾ ਹੈ। ਅਧਿਆਇ ਤੀਜੇ ਵਿਚ ਉਨ੍ਹਾਂ ਦੀ ਬਾਣੀ ਦੇ ਵਿਚਾਰਧਾਰਕ ਪਰਿਪੇਖ ਨੂੰ ਸਮਝਣ ਵਾਸਤੇ ਅਕਾਲਪੁਰਖ, ਜੀਵ, ਜਗਤ, ਸਾਧਨਾ, ਗੁਰੂ, ਨਾਮ ਸਿਮਰਨ, ਹੁਕਮ, ਸਾਧ ਸੰਗਤ, ਵਿਕਾਰਾਂ ਤੇ ਕਾਬੂ, ਆਪਾ ਸਮਰਪਣ, ਗੁਰਮੁਖ, ਮਨਮੁਖ, ਆਤਮਿਕ ਅਨੰਦ ਆਦਿ ਸੰਕਲਪਾਂ ਦੇ ਸਿਧਾਂਤਕ ਪਰਿਪੇਖ ਦਾ ਅਧਿਐਨ ਪੇਸ਼ ਕੀਤਾ ਹੈ। ਚੌਥੇ ਅਧਿਆਇ ਵਿਚ ਉਨ੍ਹਾਂ ਗੁਰੂ ਕਾਰਜਾਂ ਨੂੰ ਉਲੀਕਿਆ ਗਿਆ ਜਿਹੜੇ ਗੁਰੂ ਵੱਲੋਂ ਗੁਰਬਾਣੀ ਨੂੰ ਮਾਨਵ ਮਨ ਦਾ ਹਿੱਸਾ ਬਣਾਉਣ ਹਿਤ ਕੀਤੇ ਗਏ ਹਨ। ਪੰਜਵੇਂ ਅਧਿਆਇ ਵਿਚ ਗੁਰੂ ਅੰਗਦ ਦੇਵ ਦੀ ਬਾਣੀ ਦੇ ਸਾਹਿਤਕ ਮੁੱਲ ਨੂੰ ਸਮਝਣ ਦਾ ਯਤਨ ਕੀਤਾ ਗਿਆ ਹੈ। ਛੇਵੇਂ ਅਧਿਆਇ ਵਿਚ ਗੁਰੂ ਅੰਗਦ ਦੇਵ ਜੀ ਦੀ ਬਾਣੀ ਦੇ ਸਮਕਾਲੀ ਪ੍ਰਸੰਗ ਨੂੰ ਉਜਾਗਰ ਕੀਤਾ ਗਿਆ ਹੈ। ਸੱਤਵੇਂ ਅਧਿਆਇ ਵਿਚ ਗੁਰੂ ਅੰਗਦ ਦੇਵ ਦੀ ਬਾਣੀ ਦਾ ਮੂਲ ਪਾਠ ਅਰਥਾਂ ਸਮੇਤ ਦਰਜ ਕੀਤਾ ਗਿਆ ਹੈ। ਸੱਤਵੇਂ ਅਧਿਆਇ ਵਿਚ ਗੁਰੂ ਅੰਗਦ ਦੇਵ ਦੀ ਬਾਣੀ ਦਾ ਮੂਲ ਪਾਠ ਅਰਥਾਂ ਸਮੇਤ ਦਰਜ ਕੀਤਾ ਗਿਆ ਹੈ। ਇਸ ਤਰ੍ਹਾਂ ਇਹ ਪੁਸਤਕ ਵਿਦਵਾਨਾਂ, ਖੋਜ ਵਿਦਿਆਰਥੀਆਂ ਅਤੇ ਪਾਠਕਾਂ ਵਾਸਤੇ ਮੁੱਲਵਾਨ ਸਾਬਤ ਹੋਵੇਗੀ।