ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਸਿੱਖ ਗੁਰੂ ਸਾਹਿਬਾਨ, ਗੁਰੂ ਘਰ ਦੇ ਰਬਾਬੀ ਭੱਟਾਂ, ਭਗਤਾਂ ਅਤੇ ਸੂਫ਼ੀ ਸੰਤਾਂ ਦੀ ਬਾਣੀ ਦਾ ਸੰਕਲਨ ਹੈ ਪਰ ਇੰਨੀ ਵਿਵਿਧਤਾ ਦੇ ਬਾਵਜੂਦ ਇਹ ਇਕ ਸੰਗਠਿਤ ਇਕਾਈ ਵਜੋਂ ਗ੍ਰਹਿਣ ਕੀਤੀ ਜਾਂਦੀ ਹੈ ਜਿਸ ਦੀ ਸੰਰਚਨਾ ਦਾ ਵਡੇਰਾ ਹਿੱਸਾ ਰਾਗਾਂ ਦੀ ਸੁਨਿਸ਼ਚਤ ਤਰਤੀਬ ਵਿਚ ਸੰਪਾਦਿਤ ਕੀਤਾ ਗਿਆ ਹੈ । ਇਹ ਸੰਪਾਦਨ ਕਲਾ ਏਕੇ ਅਤੇ ਵਿਧਾਨ ਦੀ ਲਖਾਇਕ ਹੈ ਜੋ ਕਿ ਗੁਰਬਾਣੀ ਦੇ ਸ਼ਾਸ਼ਤਰ ਦੀ ਅਨੁਸਾਰੀ ਹੈ ਜਿਸ ਦੇ ਅੰਤਰਗਤ ਕਾਵਿ-ਰੂਪ ਅਤੇ ਗਾਇਨ-ਰੂਪਾਂ ਦੀ ਸੰਯੁਕਤ ਤੇ ਸਮਿਲਿਤ ਕਾਰਜਸ਼ੀਲਤਾ ਨਿਹਤ ਹੈ । ਇਹ ਕਾਵਿ-ਰੂਪ ਅਤੇ ਸਾਹਿਤ-ਰੂਪ ਜਿੱਥੇ ਪਰੰਪਰਿਕ ਇਤਿਹਾਸਿਕਤਾ ਦੇ ਧਾਰਨੀ ਹਨ ਉਥੇ ਬਾਣੀ ਚਿੰਤਨ ਦੀਆਂ ਸੀਮਾਵਾਂ ਦੇ ਪਾਸਾਰ ਵਿਚ ਬੱਝੇ ਹੋਏ ਇਕ ਵਿਲੱਖਣ ਹੋਂਦ ਦੇ ਪ੍ਰਤੀਕ ਬਣਦੇ ਹਨ । ਪ੍ਰਸਤੁਤ ਪੁਸਤਕ ਸੈਮੀਨਾਰ ਵਿਚ ਪੜ੍ਹੇ ਗਏ ਪੇਪਰਾਂ ਦਾ ਸੰਪਾਦਿਤ ਰੂਪ ਹੈ ।