ਗੁਰਬਾਣੀ ਮਨੁੱਖ ਨੂੰ ਜੀਵਨ-ਜਾਚ ਸਿਖਾਉਂਦੀ ਹੈ । ਇਸ ਲੋਕ ਤੇ ਪਰਲੋਕ ਵਿੱਚ ਮਨੁੱਖ ਸੁਖੀ ਕਿਵੇਂ ਹੋ ਸਕਦਾ ਹੈ? ਕਾਰ-ਵਿਹਾਰ ਕਰਦੇ ਹੋਏ ਪਰਮ ਪਿਤਾ ਪਰਮਾਤਮਾ ਨੂੰ ਹਮੇਸ਼ਾ ਯਾਦ ਕਰਨਾ ਹੈ । ਚੌਰਾਸੀ ਦੇ ਗੇੜ ਵਿੱਚ ਪਿਆ ਮਨੁੱਖ ਦਾ ਮਿਲਾਪ ਪਰਮਾਤਮਾ ਨਾਲ਼ ਕਿਵੇਂ ਹੋ ਸਕਦਾ ਹੈ? ਆਤਮਾ, ਪਰਮਾਤਮਾ ਦੀ ਅੰਸ਼ ਹੈ ਤੇ ਆਤਮਾ ਦਾ ਪਰਮਾਤਮਾ ਨਾਲ਼ ਮਿਲਾਪ ਹੀ ਇਸ ਦੀ ਅਖੀਰੀ ਮੰਜ਼ਿਲ ਹੈ । ਇਸ ਲਈ ਮਨੁੱਖ ਦੀ ਅਗਵਾਈ ਗੁਰਬਾਣੀ ਕਰਦੀ ਹੈ ਕਿਉਂਕਿ ਗੁਰਬਾਣੀ ਚਾਨਣ ਹੈ ਤੇ ਚਾਨਣ ਵਿਚ ਮਨੁੱਖ ਭਟਕਦਾ ਨਹੀਂ ਹੈ “ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ” ਨੂੰ ਯਾਦ ਰੱਖਦਾ ਹੋਇਆ ਸਾਧ ਸੰਗਤ ਨਾਲ ਮਿਲ ਕੇ ਪਰਮਾਤਮਾ ਦੇ ਨਾਮ ਦਾ ਸਿਰਮਨ ਕਰਦਾ ਹੋਇਆ ਉਸ ਵਿਚ ਲੀਨ ਹੋ ਜਾਂਦਾ ਹੈ ।