ਬਾਰਹ ਮਾਹਾ ਤੁਖਾਰੀ ਗੁਰੂ ਨਾਨਕ ਦੇਵ ਜੀ ਦੀ ਮਹਾਨ ਰਚਨਾ ਹੈ । ਇਸ ਮਹਾਨ ਤੇ ਪਵਿੱਤਰ ਬਾਣੀ ਵਿੱਚ ਗੁਰੂ ਸਾਹਿਬ ਨੇ ਬੜੇ ਸਹਿਜ ਰੂਪ ਵਿੱਚ ਉਸ ਜੀਵ-ਇਸਤਰੀ ਦੀ ਅਵਸਥਾ ਦਾ ਵਰਣਨ ਕੀਤਾ ਹੈ ਜੋ ਆਪਣੇ ਪ੍ਰੀਤਮ ਪਿਆਰੇ ਪ੍ਰਭੂ ਤੋਂ ਵਿਛੜ ਕੇ ਮੌਸਮਾਂ ਦੀ ਮਾਰ ਸਹਿੰਦੀ ਹੈ । ਗੁਰੂ ਸਾਹਿਬ ਸਮਝਾਉਂਦੇ ਹਨ ਕਿ ਦਿਨ ਤੇ ਘੜੀ, ਰੁੱਤ ਤੇ ਮਹੀਨਾ ਤਾ ਹੀ ਸੁਹਾਵਣਾ ਹੈ ਜੇ ਉਸ ਪ੍ਰਭੂ ਪ੍ਰੀਤਮ ਦੇ ਦੀਦਾਰ ਪ੍ਰਾਪਤ ਹੋ ਜਾਣ । ਉਸ ਪ੍ਰਭੂ-ਪਤੀ ਨੂੰ ਮਿਲਕੇ, ਉਸ ਦਾ ਨਾਮ ਜਪ ਕੇ ਸਾਰੇ ਦੁੱਖ ਕੱਟੇ ਜਾਂਦੇ ਹਨ ਤੇ ਪਰਮ ਸੁੱਖ ਦੀ ਅਵਸਥਾ ਪ੍ਰਾਪਤ ਹੋ ਜਾਂਦੀ ਹੈ । ਬਦਲਦੀਆਂ ਰੁੱਤਾ ਦੇ ਇਸ ਇਲਾਹੀ ਸੰਦੇਸ਼ ਨੂੰ ਕੈਮਰੇ ਦੀ ਅੱਖ ਰਾਹੀਂ ਚਿੱਤਰਣ ਦਾ ਉਪਰਾਲਾ ਉੱਘੇ ਫੋਟੋ ਆਰਟਿਸ਼ਟ, ਤੇਜ ਪ੍ਰਤਾਪ ਸਿੰਘ ਸੰਧੂ ਜੀ ਨੇ ਕੀਤਾ ਹੈ ਅਤੇ ਬਾਰਹ ਮਾਹਾ ਤੁਖਾਰੀ ਦੀ ਸੰਖੇਪ, ਸਰਲ ਅਤੇ ਭਾਵ ਪੂਰਕ ਵਿਆਖਿਆ ਡਾ. ਰੂਪ ਸਿੰਘ ਜੀ, ਚੀਫ ਸਕੱਤਰ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕੀਤੀ ਹੈ । ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਇਹ ਇੱਕ ਨਿਵੇਕਲਾ ਉਪਰਾਲਾ ਹੈ ।