ਉਦਾਸੀ ਸੰਪ੍ਰਦਾਇ, ਸਿੱਖ ਧਰਮ ਦੀ ਇਕ ਪ੍ਰਮੁੱਖ ਸੰਪ੍ਰਦਾਇ ਹੈ, ਜਿਸ ਦੀ ਨੀਂਹ ਗੁਰੂ ਨਾਨਕ ਦੇਵ ਜੀ ਦੇ ਵੱਡੇ ਸਪੁੱਤਰ ਬਾਬਾ ਸ੍ਰੀ ਚੰਦ ਜੀ ਨੇ ਰੱਖੀ ਸੀ । ‘ਉਦਾਸੀਂ ਤੋਂ ਭਾਵ ਹੈ, ਆਤਮ-ਸੰਜਮੀ ਮਨੁੱਖ, ਜੋ ਸੰਸਾਰਕ ਮੋਹ-ਮਾਇਆ ਤੋਂ ਵਿਰੱਕਤ ਜਾਂ ਬੇਪਰਵਾਹ ਹੈ । ਗੁਰਬਾਣੀ ਦੀ ਵਿਆਖਿਆ ਸੰਬੰਧੀ ਉਦਾਸੀ ਵਿਦਵਾਨਾਂ ਦਾ ਯੋਗਦਾਨ ਉਲੇਖਨੀਯ ਰਿਹਾ ਹੈ ਤੇ ਸਿੱਖ-ਸਾਹਿਤ ਪ੍ਰਤਿ ਉਨ੍ਹਾਂ ਦੀ ਦੇਣ ਮਹੱਤਵਪੂਰਣ ਹੈ । ਪਰੰਤੂ 1925 ਦੇ ਗੁਰਦੁਆਰਾ ਐਕਟ ਬਣਨ ਤੋਂ ਬਾਅਦ ਜ਼ਿਆਦਾਤਰ ਉਦਾਸੀ ਡੇਰੇ/ਅਖਾੜੇ ਸਿੱਖੀ ਮੁੱਖਧਾਰਾ ਤੋਂ ਦੂਰ ਹੁੰਦੇ ਗਏ । ਪਰੰਤੂ ਹੁਣ ਵੀ ਪੂਰੇ ਦੇਸ਼ ਵਿਚ ਇਨ੍ਹਾਂ ਡੇਰਿਆਂ/ਅਖਾੜਿਆਂ ਵੱਲੋਂ ਲੋਕ-ਸੇਵਾ ਤੇ ਧਰਮ-ਪ੍ਰਚਾਰ ਦਾ ਕਾਰਜ ਕੀਤਾ ਜਾ ਰਿਹਾ ਹੈ ਅਤੇ ਪੰਜਾਬ ਦੇ ਲੋਕ-ਧਰਮ ਉੱਤੇ ਇਨ੍ਹਾਂ ਦਾ ਚੋਖਾ ਪ੍ਰਭਾਵ ਹੈ । ਇਹ ਪੁਸਤਕ ਇਸ ਸੰਪ੍ਰਦਾਇ ਦੇ ਇਤਿਹਾਸ, ਦਾਰਸ਼ਨਿਕ ਪਰਿਪੇਖ ਅਤੇ ਰਹੁ-ਰੀਤਾਂ ਆਦਿ ਬਾਰੇ ਪ੍ਰਾਥਮਿਕ ਸਰੋਤਾਂ ਦੇ ਆਧਾਰ ’ਤੇ ਪ੍ਰਮਾਣਿਕ ਜਾਣਕਾਰੀ ਮੁਹੱਈਆ ਕਰਵਾਂਦੀ ਹੈ ਅਤੇ ਸੰਪ੍ਰਦਾਇ ਦੇ ਡੇਰਿਆਂ/ਮਹਾਂਪੁਰਖਾਂ ਬਾਰੇ ਵਿਸਤ੍ਰਿਤ ਵੇਰਵੇ ਵੀ ਪ੍ਰਸਤੁਤ ਕਰਦੀ ਹੈ, ਜਿਨ੍ਹਾਂ ਤੋਂ ਇਸ ਸੰਪ੍ਰਦਾਇ ਵੱਲੋਂ ਸਿੱਖੀ ਪ੍ਰਚਾਰ ਲਈ ਪਾਏ ਯੋਗਦਾਨ ਦੀ ਟੋਹ ਮਿਲਦੀ ਹੈ ।