ਈਸਾ ਪੂਰਵ 470 ਵਿਚ ਜਨਮਿਆ ਯੁਨਾਨ ਦਾ ਪ੍ਰਸਿੱਧ ਚਿੰਤਕ । ਭਾਵੇਂ ਉਸ ਵਲੋਂ ਲਿਖੀ ਕੋਈ ਕਿਤਾਬ ਨਹੀਂ ਮਿਲਦੀ ਤਾਂ ਵੀ ਵਿਸ਼ਵ ਦੇ ਦਾਰਸ਼ਨਿਕ ਇਤਿਹਾਸ ਉੱਪਰ ਸੁਕਰਾਤ ਦੀ ਛਾਪ ਅਮਿੱਟ ਹੈ । ਇਕ ਦਾਰਸ਼ਨਿਕ ਵਾਂਗ ਜੀਵਿਆ, ਦਾਰਸ਼ਨਿਕ ਵਾਂਗ ਵਿਹਾਰ ਕੀਤਾ ਅਤੇ ਈਸਾ ਪੂਰਵ 399 ਵਿਚ ਇਕ ਦਾਰਸ਼ਨਿਕ ਵਾਂਗ ਆਪਣੇ ਸਿਧਾਂਤਾਂ ਉੱਤੇ ਅਡਿਗ ਰਹਿਣ ਦੀ ਕੀਮਤ ਤਾਰਦਿਆਂ ਜ਼ਹਿਰ ਦਾ ਪਿਆਲਾ ਪੀ ਕੇ ਇਸ ਦੁਨੀਆਂ ਤੋਂ ਰੁਖਸਤ ਹੋਇਆ । ਉਸਨੇ ਆਪਣੀ ਪ੍ਰਸਿੱਧ ਉਕਤੀ “ ਅਣਪਰਖਿਆ ਜੀਵਨ ਜੀਣ ਦੇ ਯੋਗ ਨਹੀਂ ਹੈ “ ਨੂੰ ਸੰਸਾਰ ਦੇ ਚਿੰਤਕਾਂ ਸਾਮ੍ਹਣੇ ਇਕ ਘੋਸ਼ਣਾ ਵਾਂਗ ਰੱਖਿਆ ।