ਹਰਿਮੰਦਰ ਸਾਹਿਬ ਸਮਸਤ ਮਾਨਵਤਾ ਲਈ ਸਰਲ ਸਾਂਝਾ ਧਾਰਮਿਕ ਅਸਥਾਨ ਹੈ, ਜਿੱਥੇ ਹਰ ਧਰਮ, ਜਾਤੀ, ਨਸਲ, ਦੇਸ਼ ਦਾ ਮਾਨਵ ਆਪਣੀ ਅਧਿਆਤਮਕ ਖੁਰਾਕ, ਮਾਨਸਿਕ ਸ਼ਕਤੀ ਤੇ ਆਤਮਕ ਤ੍ਰਿਪਤੀ ਬਿਨਾਂ ਰੋਕ-ਟੋਕ, ਵਿਤਕਰੇ ਦੇ ਪ੍ਰਾਪਤ ਕਰ ਸਕਦਾ ਹੈ। ਹਰਿਮੰਦਰ ਸਾਹਿਬ ਮਾਨਵੀ ਪਿਆਰ, ਇਤਫਾਕ, ਰੱਬੀ-ਏਕਤਾ, ਬਰਾਬਰਤਾ, ਸਰਭ ਸਾਂਝੀਵਾਲਤਾ ਦਾ ਸਦੀਵੀ ਪ੍ਰਗਟਾਅ ਹੈ। ਸਿੱਖਾਂ ਵਾਸਤੇ ਹਰਿਮੰਦਰ ਸਾਹਿਬ ਇੱਕ ਧਾਰਮਿਕ ਕੇਂਦਰ ਹੀ ਨਹੀਂ, ਸਗੋਂ ਸਿੱਖ ਕੌਮ ਦੀ ਵਿਲੱਖਣ ਹੋਂਦ-ਹਸਤੀ, ਸਵੈਮਾਣ, ਇਤਿਹਾਸ ਤੇ ਵਿਰਾਸਤ ਦੀ ਜਗਦੀ ਜੋਤ ਹੈ। ਸਿੱਖ ਕੌਮ ਦੀ ਹੋਂਦ-ਹਸਤੀ, ਧਰਮ, ਸਮਾਜ ਤੇ ਰਾਜਨੀਤੀ, ਹਰਿਮੰਦਰ ਸਾਹਿਬ ਦੇ ਸੰਕਲਪ, ਸਿਧਾਂਤ ਤੇ ਇਤਿਹਾਸ ਨਾਲ ਜੁੜੀ ਹੋਈ ਹੈ। ਹਰਿਮੰਦਰ ਸਾਹਿਬ ਦਾ ਸੰਕਲਪ ਸਿਧਾਂਤ ਤੇ ਸਰੂਪ ਪਾਵਨ ਬਾਣੀ ਵਿਚ ਅੰਕਿਤ ਹੈ, ਜਿਸ ਨੂੰ ਸਰਗੁਣ ਸਰੂਪ ਵਿਚ ਪੰਚਮ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਨੇ ਪ੍ਰਗਟ ਕਰ, ਮਾਨਵਤਾ ਨੂੰ ਆਦਰਸ਼ਿਕ ਧਰਮ ਮੰਦਰ ਦਾ ਸਾਖਸ਼ਾਤ ਸਰੂਪ ਭੇਟ ਕੀਤਾ। ਇਸ ਪੁਸਤਕ ਵਿਚ ਹਰਿਮੰਦਰ ਸਾਹਿਬ ਦੇ ਇਤਿਹਾਸ ਨੂੰ ਪੇਸ ਕਰਨ ਦਾ ਯਤਨ ਕੀਤਾ ਗਿਆ ਹੈ।