ਪੰਜਾਬੀਆਂ ਨੇ ਪਿਛਲੇ ਚਾਰ-ਪੰਜ ਸੌ ਸਾਲਾਂ ਵਿਚ ਅਣਥੱਕ ਮਿਹਨਤ ਤੇ ਲਾਸਾਨੀ ਕੁਰਬਾਨੀਆਂ ਨਾਲ ਗੌਰਵਮਈ ਇਤਿਹਾਸ ਦੀ ਸਿਰਜਣਾ ਕੀਤੀ ਹੈ। ਦਸ ਗੁਰੂ ਸਾਹਿਬਾਨ ਦੀ ਸੁਲਝੀ ਹੋਈ ਅਗਵਾਈ ਹੇਠ ਨਵੀਆਂ ਕਦਰਾਂ-ਕੀਮਤਾਂ ਨੂੰ ਜੀਵਨ ਵਿਚ ਸਮੋਅ ਕੇ ਮਨੁੱਖਤਾ ਦੀ ਪਛਾਣ ਕੀਤੀ ਹੈ। ਸਰਲ ਭਾਈਚਾਰਕ ਰਹਿਣ-ਸਹਿਣ ਅਤੇ ਸਮਾਜਕ ਢਾਂਚੇ ਦੀ ਉਸਾਰੀ ਹੋਈ ਹੈ। ਫਿਰ ਵੀ ਇਤਿਹਾਸਕ ਪੰਨਿਆਂ ਵਿਚ ਮਾਣ ਪ੍ਰਾਪਤ ਕਰਨ ਵਾਲੀਆਂ ਮਨੁੱਖੀ ਕਦਰਾਂ ਅੱਖਾਂ ਤੋਂ ਓਹਲੇ ਹੋ ਰਹੀਆਂ ਹਨ। ਨਵੀਂ ਪੌਦ ਦਿਨੋਂ-ਦਿਨ ਆਪਣੇ ਭਰਪੂਰ ਵਿਰਸੇ ਨਾਲੋਂ ਟੁੱਟ ਰਹੀ ਹੈ। ਦੇਸ਼-ਪ੍ਰਦੇਸ਼, ਸਭ ਥਾਂ ਕੌਮੀ ਰਹਿਬਰਾਂ ਅਤੇ ਮਾਪਿਆਂ ਦੀ ਸੋਚ ਚਿੰਤਾ-ਗ੍ਰਸਤ ਅਨੁਭਵ ਵਿਚ ਡੁੱਬੀ ਹੋਈ ਹੈ। ਲੇਖਕ ਦਾ ਇਹ ਯਤਨ ਇਸੇ ਅਨੁਭਵ ਦੀ ਉਪਜ ਹੈ। ਲੇਖਕ ਨੇ ਸਿੱਖ ਸਿਧਾਂਤ ਨੂੰ ਜੀਵਨ ਵਿਚ ਢਾਲ ਕੇ, ਬਾਲ ਅਵਸਥਾ ਦੀਆਂ ਲੋੜਾਂ ਅਨੁਸਾਰ ਸਪੱਸ਼ਟ ਕੀਤਾ ਹੈ। ਪ੍ਰਮੁੱਖ ਇਤਿਹਾਸਕ ਸਥਾਨਾਂ ਦੇ ਮਹੱਤਵ ਨੂੰ ਧਿਆਨ ਵਿਚ ਰੱਖਦਿਆਂ ਹੋਇਆਂ ਉਨ੍ਹਾਂ ਬਾਰੇ ਸੰਖੇਪ ਬਿਉਰਾ ਦਿੱਤਾ ਹੈ। ਲੇਖਕ ਦੀ ਨਵੇਕਲੀ ਬਿਰਤਾਂਤਕ ਸ਼ੈਲੀ ਨੇ ਉਸਦੇ ਯਤਨਾਂ ਨੂੰ ਨਿਖਾਰਿਆ ਹੈ।