ਡਾ. ਜਸਬੀਰ ਸਿੰਘ ਆਹਲੂਵਾਲੀਆ ਨੇ ਆਪਣੀ ਸਾਹਿਤਕ ਸਵੈ-ਜੀਵਨੀ ਦਰਿਆਵਾਂ ਦੇ ਮੋੜ ਵਿਚ ਕਈ ਕੌੜੀਆਂ ਮਿੱਠੀਆਂ ਯਾਦਾਂ ਪਾਠਕਾਂ ਨਾਲ ਸਾਂਝੀਆਂ ਕੀਤੀਆਂ ਹਨ । ਉਹਨਾਂ ਨੇ ਆਪਣੇ ਸੰਪਰਕ ਵਿਚ ਆਈਆਂ ਉੱਚ-ਸ਼ਖ਼ਸੀਅਤਾਂ ਨਾਲ ਆਪਣੇ ਸਬੰਧਾਂ ਦਾ ਜ਼ਿਕਰ ਕਰਦੇ ਹੋਏ ਆਪਬੀਤੀਆਂ ਦੁਆਰਾ ਡਾ. ਮਨਮੋਹਨ ਸਿੰਘ, ਗਿਆਨੀ ਜ਼ੈਲ ਸਿੰਘ, ਪ੍ਰੋ. ਮੋਹਨ ਸਿੰਘ, ਪ੍ਰਿੰਸੀਪਲ ਸੰਤ ਸਿੰਘ ਸੇਖੋਂ, ਸਿਰਦਾਰ ਕਪੂਰ ਸਿੰਘ, ਵਿਸ਼ਵਨਾਥ ਤਿਵਾੜੀ, ਗਿਆਨੀ ਲਾਲ ਸਿੰਘ, ਡਾ. ਹਰਿਭਜਨ ਸਿੰਘ ਆਦਿ ਦੀ ਸ਼ਖ਼ਸੀਅਤ ਦੇ ਕੁਝ ਦਰਸ਼ਨ ਵੀ ਕਰਵਾਏ ਹਨ । ਸਾਹਿਤਕ ਸਵੈ-ਜੀਵਨੀ ਵਿਚ ਡਾ. ਆਹਲੂਵਾਲੀਆ ਨੇ ਪੰਜਾਬੀ ਸਾਹਿਤ ਆਲੋਚਨਾ ਅਤੇ ਸਿੱਖ ਫ਼ਲਸਫੇ ਬਾਰੇ ਭਰਪੂਰ ਜਾਣਕਾਰੀ ਦਿੱਤੀ ਹੈ ।