ਭਾਈ ਨੰਦ ਲਾਲ ਜੀ ‘ਗੋਇਆ’ ਦੀਆਂ ਜਿਨ੍ਹਾਂ ਰਚਨਾਵਾਂ ਨੂੰ ਵਾਚਣ ਤੇ ਵੀਚਾਰਨ ਦਾ ਅਵਸਰ ਮਿਲਿਆ ਹੈ, ਖੋਜ ਦੇ ਆਧਾਰ ਤੇ ਸਾਰੀਆਂ ਗ਼ਜ਼ਲਾਂ ਇਸ ਪੁਸਤਕ ਵਿਚ ਮੁਕੰਮਲ ਰੂਪ ਵਿਚ ਪੇਸ਼ ਕੀਤੀਆਂ ਹਨ, ਜਿੱਥੇ ਕਿ ਪਿਛੇ ਛਪੇ ਟੀਕਿਆਂ ਵਿਚ ਕੁਝ ਗ਼ਜ਼ਲਾਂ ਹਨ ਹੀ ਨਹੀਂ, ਅਤੇ ਕਈ ਅਧੂਰੀਆਂ ਸਨ, ਜਿਹਾ ਕਿ ਗ਼ਜ਼ਲ ਨੰ: 31, 42 ਅਤੇ 47 ਵਿਚ ਇਕ ਇਕ ਸ਼ੇਅਰ ਅਤੇ ਗ਼ਜ਼ਲ ਨੰ: 42 ਵਿਚ ਪੰਜਾਂ ਸ਼ੇਅਰਾਂ ਦਾ ਵਾਧਾ ਕੀਤਾ ਗਿਆ ਹੈ । ਏਸੇ ਤਰ੍ਹਾਂ ਗ਼ਜ਼ਲ ਨੰ: 18, 61, 62 ਪਹਿਲਿਆਂ ਟੀਕਿਆਂ ਵਿਚ ਅਲੋਪ ਹਨ । ਪੁਸਤਕ ਵਿਚ, ਗੁਰਮਤਿ ਦੇ ਜਗਿਆਸੂਆਂ ਤੇ ਪ੍ਰਮਾਰਥ ਦੇ ਖੋਜੀਆਂ ਲਈ ਵਿਆਖਿਆ ਦੇ ਰੂਪ ਵਿਚ ਸੰਖੇਪ ਤੇ ਭਾਵ-ਪੂਰਤ ਵਿਚਾਰ ਪੇਸ਼ ਕਰਨ ਦਾ ਜਤਨ ਕੀਤਾ ਗਿਆ ਹੈ ।