ਹਥਲਾ ਕੋਸ਼ ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼ ਵਿਭਾਗ ਦੇ ਫੈਲੋ ਪ੍ਰੋ. ਕਿਰਪਾਲ ਕਜ਼ਾਕ ਦੁਆਰਾ ਤਿਆਰ ਕੀਤਾ ਗਿਆ ਹੈ, ਜੋ ਉਹਨਾਂ ਨੇ ਆਪਣੀ ਫ਼ੈਲੋਸ਼ਿਪ ਦੌਰਾਨ ਤਿਆਰ ਕੀਤਾ ਹੈ । ਸਭਿਆਚਾਰ ਨਿਰੰਤਰ ਗਤੀਸ਼ੀਲ ਵਰਤਾਰਾ ਹੈ । ਸਮੇਂ-ਸਮੇਂ ਪ੍ਰਸਥਿਤੀਆਂ ਦੇ ਬਦਲਣ ਨਾਲ ਸਭਿਆਚਾਰਿਕ ਸ਼ਬਦਾਵਲੀ ਵਿਚ ਵੀ ਬਦਲਾਅ ਦੀ ਪ੍ਰਕਿਰਿਆ ਜਾਰੀ ਰਹਿੰਦੀ ਹੈ । ਨਵੀਆਂ ਪ੍ਰਸਥਿਤੀਆਂ ਦੇ ਜਨਮ ਨਾਲ ਨਵੇਂ ਸ਼ਬਦ ਹੋਂਦ ਵਿਚ ਆਉਂਦੇ ਰਹਿੰਦੇ ਹਨ ਅਤੇ ਪਹਿਲਾਂ ਵਰਤੇ ਜਾਂਦੇ ਸ਼ਬਦਾਂ ਦੀ ਰੋਜ਼ਮਰਾ ਜ਼ਿੰਦਗੀ ਵਿਚ ਵਰਤੋਂ ਘਟ ਜਾਂਦੀ ਹੈ । ਇਸ ਸਭਿਆਚਾਰਿਕ ਸ਼ਬਦਾਵਲੀ ਨੂੰ ਇਕੱਤਰ ਕਰਨਾ ਅਤੇ ਆਉਣ ਵਾਲੀਆਂ ਪੀੜੀਆਂ ਲਈ ਉਹਨਾਂ ਦੀ ਅਮੀਰ ਵਿਰਾਸਤ ਨੂੰ ਸੰਭਾਲਣ ਦਾ ਕਾਰਜ ਬਹੁਤ ਸ਼ਲਾਘਾਯੋਗ ਕਦਮ ਹੈ । ਇਸ ਕੋਸ਼ ਵਿਚ ਜਨਮ, ਵਿਆਹ, ਮੌਤ, ਪੰਜਾਬੀ ਰਹਿਤਲ ਅਤੇ ਪੰਜਾਬ ਦੀ ਖੇਤੀਬਾੜੀ ਨਾਲ ਸੰਬੰਧਿਤ ਸ਼ਬਦਾਵਲੀ ਦੇ ਇਕੱਤਰੀਕਰਨ ਦੇ ਨਾਲ-ਨਾਲ ਪੰਜਾਬੀ ਸਭਿਆਚਾਰਿਕ ਵਰਤਾਰੇ ਵਿਚ ਉਹਨਾਂ ਨਾਲ ਜੁੜੇ ਅਰਥਾਂ ਨੂੰ ਬਹੁਤ ਵਿਸਤਾਰਪੂਰਵਕ ਢੰਗ ਨਾਲ ਵਰਨਨ ਕੀਤਾ ਗਿਆ ਹੈ । ਉਮੀਦ ਹੈ ਕਿ ਇਹ ਕੋਸ਼ ਪੰਜਾਬੀ ਪਾਠਕਾਂ ਵਿਸ਼ੇਸ਼ ਕਰਕੇ ਪੰਜਾਬੀ ਸਭਿਆਚਾਰ ਨਾਲ ਜੁੜੇ ਵਿਦਿਆਰਥੀਆਂ ਅਤੇ ਖੋਜਾਰਥੀਆਂ ਲਈ ਬਹੁਤ ਲਾਹੇਵੰਦ ਸਾਬਤ ਹੋਵੇਗਾ ।