ਜੋਗਿੰਦਰ ਸਿੰਘ ਆਹਲੂਵਾਲੀਆ, ਜਨਮ 28-9-1925, ਵਜ਼ੀਰਬਾਦ, ਜ਼ਿਲ੍ਹਾ ਗੁਜਰਾਂਵਾਲਾ (ਹੁਣ ਪਾਕਿਸਤਾਨ) । ਦੇਸ਼ ਦੀ ਵੰਡ ਵੇਲੇ ਲਾਹੌਰ ਗੌਰਮਿੰਟ ਕਾਲਜ ਵਿਚ ਪੜ੍ਹਦੇ ਸਨ । ਪੰਜਾਬ ਯੂਨੀਵਰਸਿਟੀ ਤੋਂ ਐਮ.ਐਸ-ਸੂ (ਟੈੱਕ) ਕਰ ਕੇ ਉੱਚ-ਵਿੱਦਿਆ ਲਈ ਪੈਰਿਸ ਗਏ । ਫ਼ਰੈਂਚ ਪੈਟਰੋਲੀਅਮ ਇੰਸਟੀਚਿਊਟ ਤੋਂ ਪੋਸਟ-ਗ੍ਰੈਜੂਏਟ ਡਿਪਲੋਮਾ ਤੇ ਪੈਰਿਸ ਯੂਨੀਵਰਸਿਟੀ (ਸਾਰਬੋਨ) ਤੋਂ ਇੰਜੀਨੀਅਰ-ਡਾਕਟਰ ਦੀ ਡਿਗਰੀ ਪ੍ਰਾਪਤ ਕੀਤੀ । ਉਸ ਉਪਰੰਤ ਭਾਰਤ ਸਰਕਾਰ ਦੀ ਮਨਿਸਟਰੀ ਆਫ਼ ਸਟੀਲ, ਮਾਈਨਜ਼ ਐਂਡ ਫਿਊਅਲ; ਇੰਡੀਅਨ ਇੰਸਟੀਊਟ ਆਫ਼ ਪੈਟਰੋਲੀਅਮ; ਡੇਹਰਾਦੂਨ ਤੇ ਇੰਡੀਅਨ ਆਇਲ ਕਾਰਪੋਰੇਸ਼ਨ (ਆਈ.ਓ.ਸੀ) ਵਿਚ ਕੰਮ ਕਰਦੇ ਰਹੇ । ਆਪ ਨੇ ਆਈ.ਓ.ਸੀ. ਰੀਸਰਚ ਐਂਡ ਡੀਵੈਲਪਮੈਂਟ ਸੈਂਟਰ, ਫ਼ਰੀਦਾਬਾਦ ਕਾਇਮ ਕੀਤਾ ਤੇ 9 ਸਾਲ ਇਸ ਸੰਸਥਾ ਦੇ ਮੁਖੀ ਰਹੇ । 1992 ਵਿਚ ਸ਼ੈਵਰਾਨ ਕਾਰਪੋਰੇਸ਼ਨ, ਕੈਲੇਫੋਰਨੀਆ ਤੋਂ ਰੀਟਾਇਰ ਹੋਏ । ਕਿੱਤਾ ਭਾਵੇਂ ਪੈਟਰੋਲੀਅਮ ਟੈਕਨਾਲੋਜੀ ਰਿਹਾ ਹੈ, ਪਰ ਮਾਤ-ਭਾਸ਼ਾ ਨਾਲ ਸ਼ੁਰੂ ਤੋਂ ਪਿਆਰ ਸੀ । ਪ੍ਰੋ: ਪ੍ਰੀਤਮ ਸਿੰਘ ਨੇ ਇਨ੍ਹਾਂ ਨੂੰ ਖਰੜਿਆਂ ਦੀ ਭਾਲ, ਡਿਜੀਟਾਈਜ਼ ਕਰਨ ਤੇ ਸੰਪਾਦਨ ਦੀ ਚੇਟਕ ਲਾਈ ਸੀ । ਇਸ ਲੜੀ ਦੀ ਪਹਿਲੀ ਪੁਸਤਕ ਪ੍ਰੋ: ਸਾਹਿਬ ਤੇ ਇਨ੍ਹਾਂ ਦੀ ਇਕੱਠੀ ਮਿਹਨਤ ਦਾ ਨਤੀਜਾ ਸੀ । ਪੁਸਤਕ ਦੇ ਸੰਪਾਦਨ ਤੋਂ ਬਾਅਦ ਆਪ ਇਸ ਲੜੀ ਦੀਆਂ ਬਾਕੀ ਪੁਸਤਾਂ ਦੇ ਸੰਪਾਦਨ ਅਤੇ ਪ੍ਰਕਾਸ਼ਨ ਦੇ ਪ੍ਰਬੰਧ ਵਿਚ ਰੁੱਝੇ ਹੋਏ ਹਨ ।