ਹਰੀ ਸਿੰਘ ਨਲਵਾ (1791-1837), ਮਹਾਰਾਜਾ ਰਣਜੀਤ ਸਿੰਘ ਦਾ ਇਕ ਸਭ ਤੋਂ ਮਸ਼ਹੂਰ ਅਤੇ ਵਿਸ਼ਵਸਨੀਯ ਜਰਨੈਲ ਤੇ ਪ੍ਰਬੰਧਕ ਸੀ। ਉਸ ਨੇ ਪੰਜ ਸਦੀਆਂ ਤੋਂ ਵੀ ਵਧ ਸਮੇਂ ਤੋਂ ਲੁੱਟਮਾਰ ਕਰਨ ਵਾਲੇ ਅਫਗ਼ਾਨਾਂ ਤੇ ਪਠਾਨਾਂ ਨੂੰ ਉਹਨਾਂ ਦੇ ਆਪਣੇ ਦੇਸ਼ ਵਾਪਸ ਧੱਕ ਦਿੱਤਾ। ਇਹਨਾਂ ਧਾੜਵੀਆਂ ਨੇ ‘ਖੈਬਰ’ ਪਾਸ ਨੂੰ ਸਿਰਫ ਆਉਣ ਦਾ ਰਾਹ ਬਣਾਇਆ ਹੋਇਆ ਸੀ। ਨਲਵੇ ਨੇ ਨਾ ਸਿਰਫ ਇਹ ਆਵਾਜਾਈ ਦਾ ਰਸਤਾ ਵਾਪਸ ਉਹਨਾਂ ਵੱਲ ਮੋੜ ਦਿੱਤਾ ਸਗੋਂ ਉਹਨਾਂ ਦੇ ਇਲਾਕੇ ਤੇ ਕਰੜਾਈ ਨਾਲ ਹਕੂਮਤ ਕੀਤੀ ਅਤੇ ਇਹਨਾਂ ਹਿੰਦੁਸਤਾਨ ਦੇ ਰਿਵਾਇਤੀ ਧਾੜਵੀਆਂ ਨੂੰ ਉਹਨਾਂ ਦੇ ਅੰਦਾਜ਼ ਵਿਚ ਡਾਢਾ ਸਬਕ ਸਿਖਾਇਆ। ਇਸ ਤੋਂ ਬਾਅਦ, ਜਦੋਂ ਕਿ ਅਫਗ਼ਾਨ ਤੇ ਪਠਾਨ ਮਾਵਾਂ ਵੱਲੋਂ ਉਸ ਦਾ ਨਾਮ ਆਪਣੇ ਅਮੋੜ ਬਚਿਆ ਨੂੰ ਡਰਾਉਣ ਵਾਸਤੇ ਲਿਆ ਜਾਂਦਾ ਸੀ, ਉਥੇ ਹਿੰਦੁਸਤਾਨ ਵਿਚ ਉਸਦਾ ਨਾਮ ਫਖਰ ਨਾਲ ਲਿਆ ਜਾਂਦਾ ਸੀ ਕਿਉਂਕਿ ਇਸ ਨੇ ਇਹਨਾਂ ਰਿਵਾਇਤੀ ਧਾੜਵੀਆਂ ਨੂੰ ਉਹਨਾਂ ਦੇ ਅੰਦਾਜ਼ ਵਿਚ ਹੀ ਸੂਦ ਸਮੇਤ ਦੰਡਸ਼ੀਲ ਸਬਕ ਸਿਖਾਇਆ। ਨਲਵੇ ਦੇ ਨਾਮ ਨਾਲ ਕਈ ਗਾਥਾਵਾਂ ਮਸ਼ਹੂਰ ਹਨ ਅਤੇ ਸੱਚਾਈ ਤੇ ਮਿਥਿਆ ਦਾ ਅੰਤਰ ਕਰਨਾ ਮੁਸ਼ਕਿਲ ਹੈ। ਵਨੀਤ ਨਲਵਾ ਨੇ ਵੱਖ-ਵੱਖ ਮੂਲ ਸੂਤਰਾਂ ਤੋਂ, ਜਰਨੈਲ ਦੇ ਪ੍ਰਸ਼ੰਸਾ ਕਰਨ ਵਾਲਿਆ ਵੱਲੋਂ ਲਿਖੇ ਗਾਥਾ-ਕਾਵਿ ਰਚਨਾਵਾਂ ਅਤੇ ਪੁਰਾਤਨ ਚਿੱਤਰ ਇਕੱਠੇ ਕਰਕੇ ਇਸ ਪੁਸਤਕ ਵਿਚ ਇਕਤ੍ਰ ਕੀਤੇ ਹਨ।