ਲੋਕ ਧਾਰਾ ਵਿਸ਼ਵ ਕੋਸ਼ ਵਿਚ, ਬਨ ਅਟਵੀ ਨੂੰ ਪਾਰਬਤੀ ਦਾ ਹੀ ਇਕ ਰੂਪ ਆਖਿਆ ਗਿਆ ਹੈ । ਤੇ ਇਹਦੀ ਮਿੱਥ ਇੰਜ ਦੱਸੀ ਗਈ ਹੈ ਕਿ ਇਕ ਵਾਰੀ ਭਵ ਦੇ ਮਨ ਵਿਚ ਧਾਰਨਾ ਆਈ ਕਿ ਮੈਂ ਧਰਤੀ ਤੇ ਜਾ ਕੇ ਸਾਰੀ ਮਨੁੱਖ ਜਾਤੀ ਨੂੰ ਬ੍ਰਹਮਚਰਯ ਦੀ ਸਿੱਖਿਆ ਦਿਆਂ । ਇਹ ਸੁਣ ਕੇ ਪਾਰਬਤੀ ਹੱਸੀ, ਤੇ ਉਹ ਅਟਵੀ ਦੇਵੀ ਦਾ ਰੂਪ ਧਾਰ ਕੇ ਧਰਤੀ ਦੇ ਰੁੱਖਾਂ ਪੱਤਿਆਂ ਤੇ ਫਲਾਂ ਫੁੱਲਾਂ ਵਿਚ ਕਲੋਲ ਕਰਨ ਲੱਗੀ... ਕਹਿੰਦੇ ਹਨ – ਭਵ ਨੇ ਅਜਿਹੀ ਸੁੰਦਰੀ ਦਾ ਅਜਿਹਾ ਜੋਬਨ ਵੇਖਿਆ ਤਾਂ ਸਭ ਕੁਝ ਭੁੱਲ ਗਿਆ । ਇਹ ਵੀ ਭੁੱਲ ਗਿਆ ਕਿ ਉਹ ਧਰਤੀ ਤੇ ਕਾਹਦੇ ਲਈ ਆਇਆ ਸੀ । ਉਹ ਬਨ ਅਟਵੀ ਦੇ ਪਿੱਛੇ ਪਿੱਛੇ ਰੁੱਖਾਂ ਵਿਚ ਦੌੜਦਾ ਰਿਹਾ । ਤੇ ਇੰਜ ਅਟਵੀ ਦੇਵੀ ਨੇ ਧਰਤੀ ਨੂੰ ਰਚਨਾ ਕਰਮ ਦੇ ਖੋਹੇ ਜਾਣ ਤੋਂ ਬਚਾ ਲਿਆ । ਤੇ ਇਨਸਾਨੀ ਜ਼ਾਤ ਦਾ ਕਾਇਨਾਤ ਨਾਲ ਹਰੇ ਧਾਗੇ ਦਾ ਰਿਸ਼ਤਾ ਟੁੱਟਣ ਨਹੀ ਦਿੱਤਾ ।