ਇਹ ਪੁਸਤਕ ਭਾਈ ਸੋਭਾ ਰਾਮ ਕ੍ਰਿਤ ‘ਗੁਰ-ਬਿਲਾਸ ਬਾਬਾ ਸਾਹਿਬ ਸਿੰਘ ਬੇਦੀ’ ਦਾ ਸੰਪਾਦਿਤ ਰੂਪ ਹੈ । ਬਾਬਾ ਸਾਹਿਬ ਸਿੰਘ ਬੇਦੀ ਸਿੱਖ ਇਤਿਹਾਸ ਦੀ ਇਕ ਆਦਰਯੋਗ ਹਸਤੀ ਹਨ । ਬੇਦੀ ਖਾਨਦਾਨ ਨਾਲ ਸੰਬੰਧਿਤ ਹੋਣ ਕਰ ਕੇ ਸਿੱਖ ਜਗਤ ਵਿਚ ਉਨ੍ਹਾਂ ਪ੍ਰਤਿ ਬਹੁਤ ਸ਼ਰਧਾ ਪ੍ਰਗਟਾਈ ਜਾਂਦੀ ਹੈ । ਉਨ੍ਹਾਂ ਨੇ ਜਿਥੇ ਅਧਿਆਤਮਿਕ ਖੇਤਰ ਵਿਚ ਬੜੀ ਸਾਧਨਾ ਕੀਤੀ, ਉਥੇ ਉਹ ਚੰਗੇ ਯੁੱਧਵੀਰ ਵੀ ਸਨ । ਉਹ ਅਧਿਕਤਰ ਆਪਣੀ ਰਿਆਸਤ ਦੀ ਰਾਜਧਾਨੀ ਊਨੇ ਵਿਚ ਹੀ ਰਹੇ । ਮਹਾਰਾਜਾ ਰਣਜੀਤ ਸਿੰਘ ਨੂੰ ਰਾਜ ਸਥਾਪਿਤ ਕਰਨ ਵਿਚ ਵੀ ਉਨ੍ਹਾਂ ਨੇ ਬਹੁਤ ਮੱਦਦ ਦਿੱਤੀ । ਉਨ੍ਹਾਂ ਦੀ ਮਹਾਨਤਾ ਨੂੰ ਵੇਖਦੇ ਹੋਇਆਂ ਸੇਵਾ ਪੰਥੀ ਸਾਹਿੱਤਕਾਰ ਭਾਈ ਸੋਭਾ ਰਾਮ ਨੇ ਉਨ੍ਹਾਂ ਦੇ ਜੀਵਨ ਬਾਰੇ ਇਹ ਗੁਰ-ਬਿਲਾਸ ਲਿਖਿਆ ਜੋ ਪੰਜਾਬ ਵਿਚ ਰਚੇ ਗਏ ਚਰਿਤ-ਕਾਵਿ ਦਾ ਇਕ ਸੁੰਦਰ ਨਮੂਨਾ ਹੈ । ਇਸ ਵਿਚ ਇਤਿਹਾਸ ਅਤੇ ਕਾਵਿ ਦੇ ਸੁਮੇਲ ਦਾ ਬੜਾ ਸੁਘੜ ਰੂਪ ਵਿਦਮਾਨ ਹੁੰਦਾ ਹੈ । ਇਸ ਵਿਚ ਸਮਕਾਲੀ ਪੰਜਾਬ ਦਾ ਬੜਾ ਸੁੰਦਰ ਚਿਤ੍ਰਣ ਹੋਇਆ ਹੈ ।